ਨਵੀਂ ਦਿੱਲੀ, 28 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨਾਲ ਮੁਕਾਬਲਾ ਹੋਵੇ ਜਾਂ ਸਰਹੱਦ ਪਾਰ ਤੋਂ ਮੁਲਕ ਦੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ, ਭਾਰਤ ਹਰ ਮੋਰਚੇ ’ਤੇ ਆਪਣੀ ਰੱਖਿਆ ਲਈ ਪੂਰੀ ਮਜ਼ਬੂਤੀ ਨਾਲ ਹਰ ਕਦਮ ਉਠਾਉਣ ਦੇ ਸਮਰੱਥ ਹੈ। ਨੈਸ਼ਨਲ ਕੈਡੇਟ ਕੋਰ ਦੀ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਪਿਛਲੇ ਸਾਲ ਵੱਡੇ-ਵੱਡੇ ਸੰਕਟਾਂ ਦਾ ਜਿਸ ਸਮੂਹਿਕ ਤਾਕਤ ਨਾਲ ਅਸੀਂ ਸਾਹਮਣਾ ਕੀਤਾ ਹੈ, ਉਸੇ ਭਾਵਨਾ ਨੂੰ ਸਾਨੂੰ ਹੋਰ ਮਜ਼ਬੂਤ ਬਣਾਉਣਾ ਪਵੇਗਾ।’’
ਉਨ੍ਹਾਂ ਕਿਹਾ ਕਿ ਅਰਥਚਾਰੇ ’ਤੇ ਕਰੋਨਾ ਮਹਾਮਾਰੀ ਦੇ ਜਿਹੜੇ ਮਾੜੇ ਪ੍ਰਭਾਵ ਪਏ ਹਨ, ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਹਟਾਉਣਾ ਪਵੇਗਾ ਅਤੇ ਆਤਮ ਨਿਰਭਰ ਭਾਰਤ ਦੇ ਉਦੇਸ਼ ਨੂੰ ਵੀ ਪੂਰਾ ਕਰਕੇ ਦਿਖਾਉਣਾ ਹੈ। ਉਨ੍ਹਾਂ ਕਿਹਾ,‘‘ਵੈਕਸੀਨ ਦਾ ਸੁਰੱਖਿਆ ਕਵਚ ਹੋਵੇ ਜਾਂ ਫਿਰ ਭਾਰਤ ਨੂੰ ਚੁਣੌਤੀ ਦੇਣ ਵਾਲਿਆਂ ਦੇ ਇਰਾਦਿਆਂ ਨੂੰ ਆਧੁਨਿਕ ਮਿਜ਼ਾਈਲਾਂ ਨਾਲ ਤਬਾਹ ਕਰਨਾ, ਭਾਰਤ ਹਰ ਮੋਰਚੇ ’ਤੇ ਸਮਰੱਥ ਹੈ।’’ ਉਨ੍ਹਾਂ ਕਿਹਾ ਕਿ ਮੁਲਕ ਦੀ ਫ਼ੌਜ ਨੂੰ ਬਿਹਤਰ ਬਣਾਉਣ ਲਈ ਹਰ ਕਦਮ ਉਠਾਏ ਜਾ ਰਹੇ ਹਨ। ਬੁੱਧਵਾਰ ਨੂੰ ਭਾਰਤ ਪਹੁੰਚੇ ਤਿੰਨ ਰਾਫ਼ਾਲ ਲੜਾਕੂ ਜੈੱਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਆਸਮਾਨ ’ਚ ਹੀ ਬਾਲਣ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਏਈ, ਸਾਊਦੀ ਅਰਬ ਅਤੇ ਗਰੀਸ ਨੇ ਹਵਾ ’ਚ ਬਾਲਣ ਭਰਨ ਦੇ ਕੰਮ ’ਚ ਸਹਾਇਤਾ ਕੀਤੀ ਜਿਸ ਨਾਲ ਭਾਰਤ ਦੇ ਖਾੜੀ ਮੁਲਕਾਂ ਨਾਲ ਮਜ਼ਬੂਤ ਸਬੰਧਾਂ ਦੀ ਤਸਵੀਰ ਵੀ ਨਜ਼ਰ ਆਉਂਦੀ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਹਾਜ਼ਰ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਲਾਮੀ ਗਾਰਡ ਅਤੇ ਐੱਨਸੀਸੀ ਕੈਡੇਟਾਂ ਦੇ ਮਾਰਚ ਪਾਸਟ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ 100 ਤੋਂ ਜ਼ਿਆਦਾ ਸੁਰੱਖਿਆ ਨਾਲ ਜੁੜੇ ਉਤਪਾਦਾਂ ਦੀ ਵਿਦੇਸ਼ ਤੋਂ ਖ਼ਰੀਦ ਬੰਦ ਕਰਕੇ ਉਨ੍ਹਾਂ ਨੂੰ ਮੁਲਕ ’ਚ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਮੁਲਕ ਦਾ ਤੇਜਸ ਲੜਾਕੂ ਜੈੱਟ ਵੀ ਆਪਣਾ ਤੇਜ ਫੈਲਾ ਰਿਹਾ ਹੈ। -ਪੀਟੀਆਈ
ਭਾਰਤ ਛੇਤੀ ਕੋਵਿਡ-19 ਦੇ ਕਈ ਹੋਰ ਟੀਕੇ ਦੁਨੀਆ ਨੂੰ ਉਪਲੱਬਧ ਕਰਾਵੇਗਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਨੂੰ ਭਾਰਤ ’ਚ ਬਣੇ ਕੋਵਿਡ-19 ਦੇ ਦੋ ਟੀਕੇ ਉਪਲੱਬਧ ਕਰਾਉਣ ਤੋਂ ਬਾਅਦ ਮੁਲਕ ਛੇਤੀ ਹੀ ਕਈ ਹੋਰ ਟੀਕੇ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਸੰਕਟ ਦੌਰਾਨ ਭਾਰਤ ਨੇ ਨਾ ਸਿਰਫ਼ ਆਪਣੇ ਲੋਕਾਂ ਦੀ ਜਾਨ ਬਚਾਈ ਸਗੋਂ ਆਪਣੀ ਆਲਮੀ ਜ਼ਿੰਮੇਵਾਰੀ ਵੀ ਨਿਭਾਈ। ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਏਜੰਡਾ ਸਿਖਰ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਲਮੀ ਉਦਯੋਗ ਜਗਤ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਆਰਥਿਕ ਮੋਰਚੇ ’ਤੇ ਵੀ ਹੁਣ ਭਾਰਤ ਦੀ ਤਸਵੀਰ ਬਦਲੇਗੀ। ਉਨ੍ਹਾਂ ਮੁਲਕ ਦੀ ਵਿਕਾਸ ਯਾਤਰਾ ’ਚ ਸ਼ਾਮਲ ਹੋਣ ਲਈ ਕਾਰੋਬਾਰੀਆਂ ਨੂੰ ਸੱਦਾ ਦਿੱਤਾ। ਉਨ੍ਹਾਂ ਕਿਹਾ,‘‘ਕਰੋਨਾ ਦੇ ਸ਼ੁਰੂਆਤੀ ਦਿਨਾਂ ’ਚ ਕਿਹਾ ਗਿਆ ਸੀ ਕਿ ਭਾਰਤ ’ਚ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਵੇਗੀ। ਦੁਨੀਆ ਦੇ ਵੱਡੇ ਵੱਡੇ ਅਤੇ ਸਿਹਤ ਸਹੂਲਤਾਂ ਵਾਲੇ ਮੁਲਕਾਂ ਦੀ ਹਾਲਤ ਦੇਖ ਕੇ ਭਾਰਤ ਨੂੰ ਇਹ ਫਿਕਰ ਹੋਣਾ ਸੁਭਾਵਿਕ ਸੀ ਪਰ ਭਾਰਤ ਨੇ ਨਿਰਾਸ਼ਾ ਨੂੰ ਭਾਰੂ ਨਹੀਂ ਹੋਣ ਦਿੱਤਾ।’’ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਬਚਾਉਣ ’ਚ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ 12 ਦਿਨਾਂ ’ਚ 23 ਲੱਖ ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। -ਪੀਟੀਆਈ