ਨਵੀਂ ਦਿੱਲੀ, 29 ਜੂਨ
ਭਾਰਤ ਨੂੰ ਛੇ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤਕ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫੌਜ ਦੀ ਸਮਰੱਥਾ ਹੋਰ ਵਧ ਜਾਵੇਗੀ। ਸੂਤਰਾਂ ਅਨੁਸਾਰ ਪੂਰਬੀ ਲੱਦਾਖ਼ ਦੀ ਗਲਵਾਨ ਵਾਦੀ ਵਿੱਚ ਚੀਨ ਨਾਲ ਫੌਜੀ ਝੱੜਪਾਂ ਤੋਂ ਬਾਅਦ ਬੀਤੇ ਦੋ ਹਫਤੇ ਤੋਂ ਹਵਾਈ ਫੌਜ ਅਲਰਟ ’ਤੇ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਜੂਨ ਨੂੰ ਫਰਾਂਸ ਦੇ ਆਪਣੇ ਹਮਰੁਤਬਾ ਫਲੋਰੈਂਸ ਪਰਲੀ ਨਾਲ ਗੱਲਬਾਤ ਕੀਤੀ ਸੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਲੜਾਕੂ ਜਹਾਜ਼ ਨਿਰਧਾਰਤ ਸਮੇਂ ’ਤੇ ਸੌਂਪੇ ਜਾਣਗੇ। ਫੌਜੀ ਅਧਿਕਾਰੀਆਂ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਜਹਾਜ਼ਾਂ ਦੀ ਪਹਿਲੀ ਸਕੂਐਡਰਨ ਹਵਾਈ ਫੌਜ ਦੇ ਅੰਬਾਲਾ ਸਟੇਸ਼ਨ ’ਤੇ ਤਾਇਨਾਤ ਕੀਤੀ ਜਾਵੇਗੀ।