ਮੁੱਖ ਅੰਸ਼
- ਕੰਟਰੈਕਟ ’ਤੇ ਲੱਗੀ ਰੋਕ ਮਗਰੋਂ ਦੱਖਣ ਅਮਰੀਕੀ ਮੁਲਕ ਵਿਚ ਜਾਂਚ ਸ਼ੁਰੂ
- ਹੋਰਨਾਂ ਮੁਲਕਾਂ ਵਾਲੀ ਪ੍ਰਕਿਰਿਆ ਹੀ ਬ੍ਰਾਜ਼ੀਲ ਨਾਲ ਹੋਏ ਕਰਾਰ ’ਚ ਅਪਣਾਈ ਗਈ: ਭਾਰਤ ਬਾਇਓਟੈੱਕ
ਹੈਦਰਾਬਾਦ, 30 ਜੂਨ
ਬ੍ਰਾਜ਼ੀਲ ਸਰਕਾਰ ਨੇ ਕਰੋਨਾ ਦੇ ਟੀਕੇ ‘ਕੋਵੈਕਸੀਨ’ ਲਈ ਭਾਰਤ ਬਾਇਓਟੈੱਕ ਨਾਲ ਹੋਏ ਕਰਾਰ ਉਤੇ ਆਰਜ਼ੀ ਤੌਰ ’ਤੇ ਰੋਕ ਲਾ ਦਿੱਤੀ ਹੈ। ਬ੍ਰਾਜ਼ੀਲ ਨੇ ਭਾਰਤੀ ਕੰਪਨੀ ਨੂੰ ਦੋ ਕਰੋੜ ਕੋਵਿਡ ਵੈਕਸੀਨ ਦਾ ਆਰਡਰ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਸੌਦੇ ਵਿਚ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਭਾਰਤੀ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਅਗਾਊਂ ਕੋਈ ਅਦਾਇਗੀ ਨਹੀਂ ਕੀਤੀ ਗਈ। ਹੈਦਰਾਬਾਦ ਦੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਬ੍ਰਾਜ਼ੀਲ ਵਿਚ ਵੀ ਕਰਾਰ, ਰੈਗੂਲੇਟਰੀ ਮਨਜ਼ੂਰੀ ਤੇ ਸਪਲਾਈ ਲਈ ਉਹੀ ਪਹੁੰਚ ਅਪਣਾਈ ਸੀ ਜੋ ਹੋਰਨਾਂ ਮੁਲਕਾਂ ਨੂੰ ਵੈਕਸੀਨ ਭੇਜਣ ਵੇਲੇ ਅਪਣਾਈ ਗਈ ਸੀ।
ਬ੍ਰਾਜ਼ੀਲ ਸਰਕਾਰ ਦੇ ਫ਼ੈਸਲੇ ਬਾਰੇ ਐਲਾਨ ਕਰਦਿਆਂ ਉੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ‘ਕੰਪਟਰੋਲਰ ਜਨਰਲ ਆਫ ਯੂਨੀਅਨ’ ਦੀਆਂ ਸਿਫ਼ਾਰਿਸ਼ਾਂ ’ਤੇ ਕੋਵੈਕਸੀਨ ਦੀ ਖ਼ਰੀਦ ਸਬੰਧੀ ਸੌਦੇ ਉਤੇ ਆਰਜ਼ੀ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਇਸ ਸੌਦੇ ਉਤੇ ਰੋਕ ਲੱਗਣ ਨਾਲ ਟੀਕਾਕਰਨ ਦੀ ਰਫ਼ਤਾਰ ਉਤੇ ਕੋਈ ਅਸਰ ਨਹੀਂ ਪਵੇਗਾ। ਕੰਟਰੈਕਟ ਦੀ ਸਿਹਤ ਮੰਤਰਾਲੇ ਦਾ ਡਾਇਰੈਕਟੋਰੇਟ ਵੀ ਪੜਤਾਲ ਕਰ ਰਿਹਾ ਹੈ ਜੋ ਕਿ ਪ੍ਰਸ਼ਾਸਕੀ ਪੱਧਰ ਉਤੇ ਜਾਂਚ ਕਰੇਗਾ। ਬ੍ਰਾਜ਼ੀਲ ਨੇ ਕਿਹਾ ਹੈ ਕਿ ਇਸ ਕਰਾਰ ਦੀਆਂ ਸ਼ਰਤਾਂ ਨੂੰ ਘੋਖਿਆ ਜਾਵੇਗਾ। ਭਾਰਤ ਬਾਇਓਟੈੱਕ ਨੇ ਕਿਹਾ ਹੈ ਕਿ ਕੰਪਨੀ ਨੂੰ ਨਾ ਤਾਂ ਕੋਈ ਅਦਾਇਗੀ ਹੋਈ ਸੀ ਤੇ ਨਾ ਹੀ ਕੋਈ ਵੈਕਸੀਨ ਹਾਲੇ ਤੱਕ ਭੇਜਿਆ ਗਿਆ ਹੈ। ਬ੍ਰਾ਼ਜ਼ੀਲ ਦੇ ਅਟਾਰਨੀ ਜਨਰਲ ਵੱਲੋਂ ਇਸ ਸੌਦੇ ਬਾਰੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਵਿਵਾਦਾਂ ਵਿਚ ਘਿਰ ਗਿਆ ਹੈ। -ਪੀਟੀਆਈ
ਕੁਈਨਜ਼ਲੈਂਡ ’ਚ ਨੌਜਵਾਨਾਂ ਨੂੰ ਐਸਟਰਾਜ਼ੈਨੇਕਾ ਟੀਕਾ ਨਾ ਲਵਾਉਣ ਦੀ ਸਲਾਹ
ਕੈਨਬਰਾ: ਕੁਈਨਜ਼ਲੈਂਡ ਤੇ ਵੈਸਟਰਨ ਆਸਟਰੇਲੀਆ ਸੂਬਿਆਂ ਦੀਆਂ ਸਰਕਾਰਾਂ ਨੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਐਸਟਰਾਜ਼ੈਨੇਕਾ ਦਾ ਟੀਕਾ ਨਾ ਲਵਾਉਣ ਕਿਉਂਕਿ ਇਸ ਨਾਲ ਖ਼ੂਨ ਦੇ ਵਿਲੱਖਣ ਕਿਸਮ ਦੇ ਥੱਕੇ ਬਣਨ ਦਾ ਖ਼ਤਰਾ ਹੈ। ਹਾਲਾਂਕਿ ਆਸਟਰੇਲੀਆ ਸਰਕਾਰ ਇਹ ਵੈਕਸੀਨ ਸਾਰੇ ਬਾਲਗ਼ਾਂ ਨੂੰ ਮੁਹੱਈਆ ਕਰਵਾ ਰਹੀ ਹੈ। ਰਾਜ ਸਰਕਾਰ ਵੱਲੋਂ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਜਿਹੜੀ ਸਲਾਹ ਦਿੱਤੀ ਗਈ ਹੈ, ਉਹ ਬਰਤਾਨਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੈ। ਜਦਕਿ ਫੈਡਰਲ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਕਿ ਫਾਈਜ਼ਰ ਵੈਕਸੀਨ ਦੀ ਕਮੀ ਹੈ ਤੇ ਕੌਮੀ ਪੱਧਰ ਉਤੇ ਟੀਕਾਕਰਨ ਤੇਜ਼ੀ ਨਾਲ ਕਰਨ ਦੀ ਲੋੜ ਹੈ। ਇਸ ਨਵੀਂ ਸਲਾਹ ਨਾਲ ਆਸਟੇਲੀਆ ਵਿਚ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ ਕਿਉਂਕਿ ਆਸਟਰੇਲੀਆ ਦੀ ਅੱਧੀ ਆਬਾਦੀ ਇਸ ਵੇਲੇ ਕੁਈਨਜ਼ਲੈਂਡ, ਵੈਸਟਰਨ ਆਸਟਰੇਲੀਆ, ਨਿਊ ਸਾਊਥ ਵੇਲਜ਼ ਤੇ ਉੱਤਰੀ ਖੇਤਰ ਵਿਚ ਲੌਕਡਾਊਨ ਹੇਠ ਹੈ। ਕਰੋਨਾਵਾਇਰਸ ਦੇ ਡੈਲਟਾ ਵੇਰੀਏਂਟ ਕਾਰਨ ਵੱਡੇ ਇਲਾਕੇ ਨੂੰ ਬੰਦ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਫਾਈਜ਼ਰ ਦੀ ਉਡੀਕ ਕਰਨੀ ਚਾਹੀਦੀ ਹੈ। ਹਾਲੇ ਤੱਕ ਪੰਜ ਪ੍ਰਤੀਸ਼ਤ ਆਸਟਰੇਲਿਆਈ ਲੋਕਾਂ ਨੂੰ ਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਮਿਲੀਆਂ ਹਨ। -ਏਪੀ