ਨਵੀਂ ਦਿੱਲੀ, 22 ਜੂਨ
ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਤੀਜੇ ਗੇੜ ਦੇ ਟਰਾਇਲਾਂ ਵਿੱਚ 77.8 ਫੀਸਦ ਅਸਰਦਾਰ ਸਾਬਤ ਹੋਈ ਹੈ। ਸੂਤਰਾਂ ਮੁਤਾਬਕ ਭਾਰਤੀ ਡਰੱਗ ਰੈਗੂਲੇਟਰ ਅਧੀਨ ਆਉਂਦੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਵੱਲੋਂ ਤੀਜੇ ਗੇੜ ਦੇ ਟਰਾਇਲਾਂ ਦੇ ਅੰਕੜਿਆਂ ’ਤੇ ਕੀਤੀ ਨਜ਼ਰਸਾਨੀ ਤੋਂ ਉਪਰੋਕਤ ਖੁਲਾਸਾ ਹੋਇਆ ਹੈ। ਹੈਦਰਾਬਾਦ ਅਧਾਰਿਤ ਕੋਵਿਡ-19 ਵੈਕਸੀਨ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਕੋਵੈਕਸੀਨ ਦੇ ਤੀਜੇ ਟਰਾਇਲਾਂ ਨਾਲ ਸਬੰਧਤ ਡੇਟਾ ਲੰਘੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਕੋਲ ਜਮ੍ਹਾਂ ਕਰਵਾ ਦਿੱਤਾ ਸੀ। ‘ਕੋਵੈਕਸੀਨ’ ਨੂੰ ਅਧਿਕਾਰਤ ਪ੍ਰਵਾਨਗੀ ਲਈ ਭਾਰਤ ਬਾਇਓਟੈੱਕ ਦੀ ਆਲਮੀ ਸਿਹਤ ਸੰਸਥਾ ਨਾਲ ‘ਪ੍ਰੀ-ਸਬਮਿਸ਼ਨ’ ਮੀਟਿੰਗ ਹੁਣ ਬੁੱਧਵਾਰ ਨੂੰ ਹੋਵੇਗੀ। -ਏਜੰਸੀ