ਨਵੀਂ ਦਿੱਲੀ, 11 ਸਤੰਬਰ
ਭਾਰਤ ਤੇ ਆਸਟਰੇਲੀਆ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਵੀ ਤਰੀਕੇ ਨਾਲ ਅਤਿਵਾਦ ਨੂੰ ਸ਼ਹਿ ਦੇਣ ਲਈ ਨਹੀਂ ਹੋਣੀ ਚਾਹੀਦੀ। ਇਹ ਮੁੜ ਕੇ ਦਹਿਸ਼ਤਗਰਦੀ ਲਈ ਸੁਰੱਖਿਅਤ ਟਿਕਾਣਾ ਨਹੀਂ ਬਣਨਾ ਚਾਹੀਦਾ। ਭਾਰਤ ਤੇ ਆਸਟਰੇਲੀਆ ਨੇ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਵਿਆਪਕ ਵਿਚਾਰ-ਚਰਚਾ ਕੀਤੀ ਹੈ। ਦੋਵਾਂ ਮੁਲਕਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦਰਮਿਆਨ ਹੋਈ ਗੱਲਬਾਤ ਵਿਚ ਭਾਰਤ-ਪ੍ਰਸ਼ਾਂਤ ਖੇਤਰ ਦਾ ਮੁੱਦਾ ਵੀ ਉੱਭਰਿਆ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਹਮਰੁਤਬਾ ਮੈਰਿਸ ਪਾਇਨ ਤੇ ਪੀਟਰ ਡਟਨ ਨਾਲ ਗੱਲਬਾਤ ਕੀਤੀ। ਦੋਵੇਂ ਮੁਲਕ ਆਜ਼ਾਦ ਤੇ ਖੁੱਲ੍ਹੀ ਸਮੁੰਦਰੀ ਆਵਾਜਾਈ ਲਈ ਵੀ ਸਹਿਮਤ ਹੋਏ। ਇਸ ਤੋਂ ਇਲਾਵਾ ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਉਤੇ ਵੀ ਜ਼ੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਮੁੰਦਰੀ ਖਿੱਤੇ ਵਿਚ ਚੀਨ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ-ਆਸਟਰੇਲੀਆ ਨੇ ਬਿਨਾਂ ਕੋਈ ਸਮਝੌਤਾ ਕੀਤਿਆਂ ਅਤਿਵਾਦ ਖ਼ਿਲਾਫ਼ ਲੜਾਈ ਲੜਨ ਉਤੇ ਵੀ ਸਹਿਮਤੀ ਬਣਾਈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਇਸ ਮੌਕੇ ਤਾਲਿਬਾਨ ਕੈਬਨਿਟ ਦੀ ਬਣਤਰ, ਔਰਤਾਂ ਤੇ ਘੱਟਗਿਣਤੀਆਂ ਨਾਲ ਉੱਥੇ ਹੋ ਰਹੇ ਵਿਹਾਰ ਬਾਰੇ ਵੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸਲਾਮਤੀ ਕੌਂਸਲ ਦੇ ਮਤੇ ਮੁਤਾਬਕ ਚੱਲਣ ਲਈ ਸਹਿਮਤ ਹੋਈਆਂ। ਆਸਟਰੇਲਿਆਈ ਮੰਤਰੀਆਂ ਨੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ