ਨਵੀਂ ਦਿੱਲੀ: ਭਾਰਤ ਅਤੇ ਤੁਰਕਮੇਨਿਸਤਾਨ ਨੇ ਅੱਜ ਦੁਵੱਲੇ ਸਬੰਧਾਂ ਦੀ ਨਜ਼ਰਸਾਨੀ ਕਰਦਿਆਂ ਸੰਯੁਕਤ ਰਾਸ਼ਟਰ ਅਤੇ ਬਹੁਧਿਰੀ ਖੇਤਰ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਭਾਰਤ ਅਤੇ ਤੁਰਕਮੇਨਿਸਤਾਨ ਦੇ ਵਿਦੇਸ਼ ਅਧਿਕਾਰੀਆਂ ਵਿਚਕਾਰ ਚੌਥੇ ਗੇੜ ਦੀ ਗੱਲਬਾਤ ਵਰਚੁਅਲੀ ਹੋਈ। ਭਾਰਤ ਵੱਲੋਂ ਵਿਦੇਸ਼ ਸਕੱਤਰ (ਪੱਛਮ) ਵਿਕਾਸ ਸਵਰੂਪ ਅਤੇ ਤੁਰਕਮੇਨਿਸਤਾਨ ਵੱਲੋਂ ਵਿਦੇਸ਼ ਉਪ ਮੰਤਰੀ ਵੇਪਾ ਹਾਜਿਯੇਵ ਨੇ ਵਾਰਤਾ ’ਚ ਹਿੱਸਾ ਲਿਆ। ਇਸ ਦੌਰਾਨ ਸਿਆਸੀ, ਆਰਥਿਕ, ਵਣਜ, ਰੱਖਿਆ, ਵਿਗਿਆਨ, ਸਭਿਆਚਾਰਕ ਅਤੇ ਸਿੱਖਿਆ ਸਮੇਤ ਦੁਵੱਲੇ ਸਬੰਧਾਂ ਦੇ ਵੱਖ ਵੱਖ ਪਹਿਲੂਆਂ ’ਤੇ ਨਜ਼ਰਸਾਨੀ ਕੀਤੀ ਗਈ। ਦੋਵੇਂ ਮੁਲਕਾਂ ਨੇ ਦੁਵੱਲੇ ਹਿੱਤਾਂ ਵਾਲੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਰਤਾ ਦੋਸਤਾਨਾ ਅਤੇ ਸੁਖਾਵੇਂ ਮਾਹੌਲ ’ਚ ਹੋਈ ਅਤੇ ਪੰਜਵੇਂ ਗੇੜ ਦੀ ਵਾਰਤਾ ਢੁੱਕਵੀਂ ਤਰੀਕ ’ਤੇ ਕਰਨ ’ਤੇ ਸਹਿਮਤੀ ਜਤਾਈ ਗਈ।
-ਪੀਟੀਆਈ