ਨਵੀਂ ਦਿੱਲੀ, 15 ਜੂਨ
ਸਪੇਨ ਨੇ ਭਾਰਤ ਦੇ ਰੱਖਿਆ ਉਤਪਾਦਨ ਸੈਕਟਰ ਵਿੱਚ ਸ਼ਾਮਲ ਹੋਣ ਦੀ ਦਿਲਚਸਪੀ ਜ਼ਾਹਿਰ ਕੀਤੀ ਹੈ ਹਾਲਾਂਕਿ ਦੋਵਾਂ ਮੁਲਕਾਂ ਨੇ ਯੂਕਰੇਨ ਵਿੱਚ ਮਨੁੱਖੀ ਸੰਕਟ ’ਤੇ ਫ਼ਿਕਰ ਜਤਾਉਂਦਿਆਂ ਫੌਰੀ ਜੰਗ ਖ਼ਤਮ ਕਰਨ ਅਤੇ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਉਨ੍ਹਾਂ ਦੇ ਸਪੈਨਿਸ਼ ਹਮਰੁਤਬਾ ਜੋਸ ਮੈਨੂਅਲ ਅਲਬਾਰੇਸ ਬਿਊਨੋ ਨੇ ਅਤਿਵਾਦ, ਹਿੰਸਕ ਕੱਟੜਵਾਦ ਤੇ ਸਾਈਬਰ ਅਪਰਾਧ ਜਿਹੀਆਂ ਸਾਂਝੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਜੈਸ਼ੰਕਰ ਤੇ ਅਲਬਾਰੇਸ ਨੇ ਗੱਲਬਾਤ ਦੌਰਾਨ ਰਣਨੀਤਕ ਪੱਖੋਂ ਅਹਿਮ ਹਿੰਦ-ਪ੍ਰਸ਼ਾਂਤ ਖਿੱਤੇ ਵੱਲ ਧਿਆਨ ਦੇਣ ਤੇ ਹਮਖਿਆਲੀ ਮੁਲਕਾਂ ਦੀ ਮਦਦ ਨਾਲ ਸਾਂਝੇ ਯਤਨ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਸਪੈਨਿਸ਼ ਵਿਦੇਸ਼ ਮੰਤਰੀ ਭਾਰਤ ਦੇ ਇਕ ਰੋਜ਼ਾ ਦੌਰੇ ’ਤੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਵਣਜ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ, ਵਾਤਾਵਰਨ ਤਬਦੀਲੀ, ਗ੍ਰੀਨ ਊਰਜਾ ਅਤੇ ਵਿਗਿਆਨ ਤੇ ਤਕਨਾਲੋਜੀ ਜਿਹੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਮੰਤਰਾਲੇ ਨੇ ਕਿਹਾ ਕਿ ਰੱਖਿਆ ਕਰਾਰ ਤਹਿਤ ਏਅਰਬੱਸ ਸਪੇਨ 56 ਸੀ295 ਏਅਰਕ੍ਰਾਫ਼ਟ ਸਪਲਾਈ ਕਰੇਗਾ, ਜਿਸ ਵਿਚੋਂ 40 ਮੇਡ ਇਨ ਇੰਡੀਆ ਹੋਣਗੇ। -ਪੀਟੀਆਈ