ਸ੍ਰੀਨਗਰ, 27 ਮਾਰਚ
ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਬਹਾਲੀ ਲਈ ਸ਼ੁਰੂ ਕੀਤੇ ਯਤਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਖੁੱਲ੍ਹੀ ਗੱਲਬਾਤ ਰਾਹੀਂ ਕਸ਼ਮੀਰ ਤੇ ਹੋਰ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਪਾਰਟੀ ਦੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਦੋਵਾਂ ਗੁਆਂਢੀ ਮੁਲਕਾਂ ਸਮੇਤ ਸਾਰੇ ਦੱਖਣੀ ਏਸ਼ੀਆ ਦੇ ਮੁਲਕਾਂ ਵਿਚਾਲੇ ਦੋਸਤੀ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੋਵੇਂ ਮੁਲਕ ਇੱਕ-ਦੂਜੇ ਨੂੰ ਧਮਕਾਉਣ ਦੀ ਥਾਂ ਇੱਕ ਦੂਜੇ ਨਾਲ ਦੋਸਤੀ ਵਧਾਉਣ ਬਾਰੇ ਗੱਲਬਾਤ ਕਰ ਰਹੇ ਹਨ ਪਰ ਅਜੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।-ਪੀਟੀਆਈ