ਪੇਈਚਿੰਗ, 27 ਅਕਤੂਬਰ
ਚੀਨ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਸੰਵਾਦ ਤੇ ਸੋਚ-ਵਿਚਾਰ ਜ਼ਰੀਏ ਹੱਲ ਕਰ ਲੈਣਾ ਚਾਹੀਦਾ ਹੈ। ਚੀਨ ਨੇ ਕਿਹਾ ਕਿ ਦੋਵੇਂ ਮੁਲਕ ਕਿਸੇ ਵੀ ‘ਇਕਪਾਸੜ ਕਾਰਵਾਈ’ ਤੋਂ ਗੁਰੇਜ਼ ਕਰਨ, ਕਿਉਂਕਿ ਇਸ ਨਾਲ ਹਾਲਾਤ ਹੋਰ ਗੁੰਝਲਦਾਰ ਹੋ ਸਕਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਕਸ਼ਮੀਰ ਬਾਰੇ ਉਨ੍ਹਾਂ ਦਾ ਸਟੈਂਡ ‘ਸਥਿਰ ਤੇ ਸਪਸ਼ਟ’ ਹੈ।
ਪੱਤਰਕਾਰਾਂ ਵੱਲੋਂ ਕਸ਼ਮੀਰ ਮਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਾਓ ਨੇ ਕਿਹਾ, ‘‘ਕਮਸ਼ੀਰ ਮਸਲੇ ਨੂੰ ਸ਼ਾਂਤੀਪੂਰਨ ਤੇ ਢੁੱਕਵੇਂ ਤਰੀਕੇ ਨਾਲ ਸੰਯੁਕਤ ਰਾਸ਼ਟਰ ਦੇ ਚਾਰਟਰ, ਸਲਾਮਤੀ ਕੌਸਲ ਦੇ ਮਤਿਆਂ ਤੇ ਪ੍ਰਸੰਗਿਕ ਦੁਵੱਲੇ ਸਮਝੌਤਿਆਂ ਮੁਤਾਬਕ ਸੁਲਝਾਉਣ ਦੀ ਲੋੜ ਹੈ।’’ ਤਰਜਮਾਨ ਨੇ ਕਿਹਾ, ‘‘ਸਬੰਧਤ ਧਿਰਾਂ ਇਕਪਾਸੜ ਕਾਰਵਾਈ ਤੋਂ ਬਚਣ ਕਿਉਂਕਿ ਇਸ ਨਾਲ ਹਾਲਾਤ ਹੋਰ ਗੁੰਝਲਦਾਰ ਬਣ ਸਕਦੇ ਹਨ। ਵਿਵਾਦ ਨੂੰ ਸੰਵਾਦ ਤੇ ਸਲਾਹ ਮਸ਼ਵਰੇ ਨਾਲ ਨਜਿੱਠਣ ਲਈ ਯਤਨ ਕੀਤੇ ਜਾਣ ਤਾਂ ਕਿ ਖੇਤਰੀ ਸ਼ਾਂਤੀ ਤੇ ਸਥਿਰਤਾ ਬਣੀ ਰਹੇ।’’ ਭਾਰਤ ਕਸ਼ਮੀਰ ਮਸਲੇ ਵਿੱਚ ਕਿਸੇ ਤੀਜੀ ਧਿਰ ਦੇ ਦਖ਼ਲ ਨੂੰ ਕਈ ਵਾਰ ਖਾਰਜ ਕਰ ਚੁੱਕਾ ਹੈ। -ਪੀਟੀਆਈ
ਭਾਰਤ ਨਾਲ ਚੀਨ ਦੀ ਰਣਨੀਤਕ ਸ਼ਰੀਕੇਬਾਜ਼ੀ ਨਹੀਂ: ਜਿਮਿੰਗ
ਨਵੀਂ ਦਿੱਲੀ (ਟਨਸ): ਬੰਗਲਾਦੇਸ਼ ਵਿੱਚ ਚੀਨ ਦੇ ਸਫ਼ੀਰ ਲੀ ਜਿਮਿੰਗ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਭਾਰਤ ਦੇ ਵੱਡੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੇ ਚੀਨ ਆਰਥਿਕ ਤੇ ਭੂ-ਸਿਆਸੀ ਮਸਲਿਆਂ ਦੇ ਹੱਲ ਲਈ ਨੇੇੜੇ ਹੋ ਕੇ ਕੰਮ ਕਰ ਸਕਦੇ ਹਨ। ਜਿਮਿੰਗ ਨੇ ਕਿਹਾ ਕਿ ਭਾਰਤ ਨਾਲ ਚੀਨ ਦੀ ਕੋਈ ਰਣਨੀਤਕ ਸ਼ਰੀਕੇਬਾਜ਼ੀ ਨਹੀਂ ਹੈ ਤੇ ਉਹ ਬੰਗਾਲ ਦੀ ਖਾੜੀ ਵਿੱਚ ਹਥਿਆਰਬੰਦ ਸਲਾਮਤੀ ਦਸਤੇ ਨਹੀਂ ਚਾਹੁੰਦਾ। ਜਿਮਿੰਗ ਦੀਆਂ ਇਹ ਟਿੱਪਣੀਆਂ ਅਹਿਮ ਹਨ ਕਿਉਂਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਹੁਦਾ ਛੱਡ ਰਹੇ ਚੀਨ ਦੇ ਨਵੀਂ ਦਿੱਲੀ ਵਿਚਲੇ ਸਫੀਰ ਸੁਨ ਵੇਈਡੌਂਗ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਲੰਘੇ ਦਿਨ ਅਸਿੱਧੇ ਰੂਪ ਵਿੱਚ ਖਾਰਜ ਕਰ ਦਿੱਤਾ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚਲੀ ਤਲਖੀ ਨੂੰ ਖ਼ਤਮ ਕਰਨ ਲਈ ਸਰਹੱਦ ’ਤੇ ਅਮਨ ਸ਼ਾਂਤੀ ਜ਼ਰੂਰੀ ਹੈ। ਸੁਨ ਵੇਈਡੌਂਗ ਨੇ ਲੰਘੇ ਦਿਨੀਂ ਆਪਣੀ ਵਿਦਾਇਗੀ ਤਕਰੀਰ ਵਿਚ ਕਿਹਾ ਸੀ, ‘‘ਚੀਨ ਤੇ ਭਾਰਤ ਇਕ ਦੂਜੇ ਲਈ ਅਹਿਮ ਗੁਆਂਢੀ ਹਨ। ਦੋਵਾਂ ਧਿਰਾਂ ਵਿੱਚ ਵੱਖਰੇਵੇਂ ਹੋਣਾ ਕੁਦਰਤੀ ਹੈ। ਇਨ੍ਹਾਂ ਵੱਖਰੇਵਿਆਂ ਨਾਲ ਕਿਵੇਂ ਮੁਖਾਤਬਿ ਹੋਣਾ, ਇਹ ਮਸਲੇ ਦੀ ਕੁੰਜੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੋਵਾਂ ਮੁਲਕਾਂ ਦੇ ਸਾਂਝੇ ਹਿੱਤ ਉਨ੍ਹਾਂ ਦੇ ਵੱਖਰੇਵਿਆਂ ਨਾਲੋਂ ਵੱਡੇ ਹਨ।’’