ਨਵੀਂ ਦਿੱਲੀ, 30 ਅਕਤੂਬਰ
ਭਾਰਤ ’ਚ ਜਰਮਨੀ ਦੇ ਸਫ਼ੀਰ ਫਿਲਿਪ ਐਕਰਮੈਨ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ਸਮੇਤ ਚੀਨ ਨਾਲ ਵਧਦੇ ਤਣਾਅ ਦੇ ਸੰਦਰਭ ’ਚ ਕਿਹਾ ਕਿ ਭਾਰਤ ਅਤੇ ਹੋਰ ਮੁਲਕ ਵੱਡੇ ਅਤੇ ਤਾਕਤਵਰ ਮੁਲਕ ਦਾ ਭਾਰ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਲਕਾਂ ਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦ, ਮੁਕਤ ਅਤੇ ਨੇਮ ਆਧਾਰਿਤ ਹਿੰਦ-ਪ੍ਰਸ਼ਾਂਤ ਖ਼ਿੱਤਾ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਐਕਰਮੈਨ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨੂੰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਕ ਤਾਕਤਵਰ ਗੁਆਂਢੀ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਐਕਰਮੈਨ ਨੇ ਕਿਹਾ ਕਿ ਜਰਮਨੀ, ਅਫ਼ਗਾਨਿਸਤਾਨ ਨੂੰ ਸਹਾਇਤਾ ਦੇਣਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਜੇਕਰ ਕੌਮਾਂਤਰੀ ਪੱਧਰ ’ਤੇ ਆਵਾਜ਼ ਬੁਲੰਦ ਕਰਨ ਦੀ ਲੋੜ ਹੋਵੇ ਤਾਂ ਉਸ ’ਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਯੂਕਰੇਨ ਜੰਗ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਰਮਨੀ ਨੇ ਰੂਸ ਦੀ ਆਲੋਚਨਾ ਲਈ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ ਅਤੇ ਇਹ ਯੋਜਨਾ ਸਫ਼ਲ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਬੇਯਕੀਨੀ ਦਾ ਮਾਹੌਲ ਬਣ ਰਿਹਾ ਹੈ ਅਤੇ ਦੁਨੀਆ ਦਾ ਹਰੇਕ ਕੋਨਾ ਹੁਣ ਸਾਰਿਆਂ ਲਈ ਅਹਿਮ ਹੈ। -ਪੀਟੀਆਈ