ਨਵੀਂ ਦਿੱਲੀ, 6 ਮਈ
ਕੇਂਦਰੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਤੇ ਇਟਲੀ ਕੋਲ ਸੈਰ-ਸਪਾਟਾ, ਡਿਜ਼ਾਈਨ, ਡਿਜੀਟਲ ਦੁਨੀਆ, ਸੇਵਾਵਾਂ, ਵਸਤਾਂ ਤੇ ਸਿੱਖਿਆ ਸਮੇਤ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਤੇ ਵਿੱਤੀ ਸਮਝੌਤਿਆਂ ਨੂੰ ਹੁਲਾਰਾ ਦੇਣ ਲਈ ਵੱਡੇ ਮੌਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਘਰੇਲੂ ਮੰਡੀ ਤੇ ਮੌਕਿਆਂ ਨਾਲ ਦੋਵੇਂ ਮੁਲਕ ਆਪਸੀ ਕਾਰੋਬਾਰੀ ਰਿਸ਼ਤੇ ਮਜ਼ਬੂਤ ਕਰ ਸਕਦੇ ਹਨ।ਨ ਪਿਊਸ਼ ਗੋਇਲ ਨੇ ਇਟਲੀ ਦੇ ਵਿਦੇਸ਼ ਮੰਤਰੀ ਲੁਈ ਦਿ ਮਿਓ ਨਾਲ ਭਾਰਤ-ਇਟਲੀ ਕਾਰੋਬਾਰ ਬਾਰੇ ਗੋਲ ਮੇਜ਼ ਵਾਰਤਾ ਸਮੇਂ ਕਿਹਾ, ‘ਭਾਰਤ ਕੋਲ ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਵੱਧ ਮੌਕੇ ਹਨ। ਭਾਰਤ ਦਸ ਸਾਲਾਂ ਅੰਦਰ 3 ਖਰਬ ਦੀ ਆਰਥਿਕਤਾ ਤੋਂ 10 ਖਰਬ ਅਤੇ 20 ਸਾਲਾਂ ਅੰਦਰ 30 ਖਰਬ ਦੀ ਆਰਥਿਕਤਾ ਬਣ ਜਾਵੇਗਾ।’ ਇਟਲੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਮਜ਼ਬੂਤ ਆਰਥਿਕ ਸਬੰਧ ਹਨ। ਕਈ ਇਤਾਲਵੀ ਕੰਪਨੀਆਂ ਭਾਰਤ ਨੂੰ ਆਪਣੇ ਚੰਗੇ ਕਾਰੋਬਾਰੀ ਭਾਈਵਾਲ ਵਜੋਂ ਦੇਖਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ 600 ਤੋਂ ਵੱਧ ਇਤਾਲਵੀ ਕੰਪਨੀਆਂ ਭਾਰਤ ’ਚ ਸਥਾਪਤ ਹਨ ਤੇ ਉਨ੍ਹਾਂ ਕੋਲ 50 ਹਜ਼ਾਰ ਤੋਂ ਵੱਧ ਸਥਾਨਕ ਲੋਕ ਕੰਮ ਕਰ ਰਹੇ ਹਨ। – ਪੀਟੀਆਈ