ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਨਵੰਬਰ
ਭਾਰਤ ਅਤੇ ਚੀਨ 10 ਅਕਤੂਬਰ ਨੂੰ ਫੌਜੀ ਕਮਾਂਡਰਾਂ ਦੀ ਮੀਟਿੰਗ ਦੌਰਾਨ ਆਈ ਖੜੋਤ ਤੋਂ ਬਾਅਦ ਵੀਰਵਾਰ ਨੂੰ ਸਲਾਹ ਅਤੇ ਤਾਲਮੇਲ ਵਧਾਉਣ ਬਾਰੇ ਕਾਰਜ ਪ੍ਰਣਾਲੀ ਤੈਅ ਕਰਨ ਲਈ ਵਰਚੁਅਲ ਮੀਟਿੰਗ ਕਰਨਗੇ। ਭਾਰਤ ਵੱਲੋਂ ਮੀਟਿੰਗ ਵਿੱਚ ਜਾਣ ਵਾਲੇ ਵਫ਼ਦ ਦੀ ਅਗਵਾਈ ਸੀਨੀਅਰ ਡਿਪਲੋਮੈਟ ਨਵੀਨ ਸ੍ਰੀਵਾਸਤਵ ਕਰਨਗੇ। ਵਫ਼ਦ ਵਿੱਚ ਫੌਜੀ ਅਧਿਕਾਰੀ, ਆਈਟੀਬੀਪੀ ਅਤੇ ਰੱਖਿਆ ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ। ਚੀਨ ਵੱਲੋਂ ਵੀ ਬਰਾਬਰ ਦੇ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਵਿਵਾਦਤ ਇਲਾਕਿਆਂ ਤੇ ਡੇਪਸਾਂਗ ਤੋਂ ਫੌਜਾਂ ਨੂੰ ਪਿੱਛੇ ਹਟਾਉਣ ਬਾਰੇ ਵੀ ਚਰਚਾ ਕੀਤੀ ਜਾਵੇਗੀ।