ਭਾਰਤ ਤੇ ਚੀਨ ਵੱਲੋਂ ਤਲਖੀ ਘਟਾਉਣ ’ਤੇ ਜ਼ੋਰ

ਢੁਕਵਾਂ ਹੱਲ ਕੱਢਣ ਲਈ ਫ਼ੌਜੀ ਤੇ ਕੂਟਨੀਤਕ ਪੱਧਰ ’ਤੇ ਹੋਰ ਮੀਟਿੰਗਾਂ ਹੋਣ ਦੀ ਸੰਭਾਵਨਾ

ਭਾਰਤ ਤੇ ਚੀਨ ਵੱਲੋਂ ਤਲਖੀ ਘਟਾਉਣ ’ਤੇ ਜ਼ੋਰ

ਲੇਹ ’ਚ ਬੁੱਧਵਾਰ ਨੂੰ ਚਿਨਹੁਕ ਹੈਲੀਕਾਪਟਰ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਣ ਭਰਦਾ ਹੋਇਆ। -ਫੋਟੋ: ਪੀਟੀਆੲੀ

ਨਵੀਂ ਦਿੱਲੀ, 1 ਜੁਲਾਈ

ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਪਿਛਲੇ ਸੱਤ ਹਫ਼ਤਿਆਂ ਤੋਂ ਜਾਰੀ ਤਲਖੀ ਨੂੰ ਘਟਾਉਣ ਲਈ ਮੰਗਲਵਾਰ ਨੂੰ ਭਾਰਤ ਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਕਸ਼ੀਦਗੀ ਨੂੰ ‘ਤਰਜੀਹੀ’ ਅਧਾਰ ’ਤੇ ‘ਛੇਤੀ ਤੇ ਪੜਾਅਵਾਰ ਢੰਗ’ ਨਾਲ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਹੈ। 12 ਘੰਟੇ ਦੇ ਕਰੀਬ ਚੱਲੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਐੱਲਏਸੀ ’ਤੇ ਤਣਾਅ ਘਟਾਉਣ ਲਈ ਪ੍ਰਤੀਬੱਧਤਾ ਜਤਾਈ।

ਸੂਤਰਾਂ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਤਲਖੀ ਘਟਾਉਣ ਦਾ ਅਮਲ ‘ਗੁੰਝਲਦਾਰ’ ਹੈ ਤੇ ਜਦੋਂ ਅਜਿਹੇ ਮਾਹੌਲ ਵਿੱਚ ਖਿਆਲੀ ਤੇ ਅਪੁਸ਼ਟ ਰਿਪੋਰਟਾਂ ਨੂੰ ਦਰਕਿਨਾਰ ਕਰਨ ਦੀ ਲੋੜ ਹੈ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਵਿਚਾਰ ਚਰਚਾ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਭਾਰਤ ਤੇ ਚੀਨ ਐੱਲਏਸੀ ’ਤੇ ਤਲਖੀ ਨੂੰ ਘਟਾਉਣ ਲਈ ਵਚਨਬੱਧ ਹਨ ਤੇ ਆਉਣ ਵਾਲੇ ਸਮੇਂ ’ਚ ਆਪਸੀ ਸਹਿਮਤੀ ਨਾਲ ਢੁਕਵੇਂ ਹੱਲ ਕੱਢਣ ਲਈ ਫੌਜੀ ਤੇ ਕੂਟਨੀਤਕ ਪੱਧਰਾਂ ’ਤੇ ਹੋਰ ਮੀਟਿੰਗਾਂ ਹੋਣ ਦੀ ਸੰਭਾਵਨਾ ਹੈ। ਊਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ 6 ਜੂਨ ਦੀ ਕੋਰ ਕਮਾਂਡਰ ਪੱਧਰ ਦੀ ਪਲੇਠੀ ਮੀਟਿੰਗ ਵਿੱਚ ਬਣੀ ਸਹਿਮਤੀ ਤੇ ਸਮਝ ਨੂੰ ਅਮਲ ਵਿੱਚ ਲਿਆਉਣ ਦੀ ਹਾਮੀ ਭਰੀ। ਪੂਰਬੀ ਲੱਦਾਖ ਵਿੱਚ ਐੱਲਏਸੀ ਦੇ ਨਾਲ ਚੁਸ਼ੁਲ ਸੈਕਟਰ ਵਿੱਚ ਹੋਈ ਇਹ ਮੀਟਿੰਗ ਸਵੇਰੇ 11 ਵਜੇਂ ਸ਼ੁਰੂ ਹੋਈ ਤੇ ਲਗਾਤਾਰ 12 ਘੰਟੇ ਦੇ ਕਰੀਬ ਚੱਲੀ।
-ਪੀਟੀਆਈ

ਚੀਨ ਨੇ ਐੱਲੲੇਸੀ ’ਤੇ ਦੋ ਹੋਰ ਡਿਵੀਜ਼ਨਾਂ ਤਾਇਨਾਤ ਕੀਤੀਆਂ

ਨਵੀਂ ਦਿੱਲੀ: ਚੀਨ ਅਸਲ ਕੰਟਰੋਲ ਰੇਖਾ ’ਤੇ ਬਣੇ ਫੌਜੀ ਟਕਰਾਅ ਨੂੰ ਘਟਾਉਣ ਲਈ ਜਿੱਥੇ ਭਾਰਤ ਨਾਲ ਗੱਲਬਾਤ ਦੀ ਮੇਜ਼ ’ਤੇ ਹੈ, ਉਥੇ ਦੂਜੇ ਪਾਸੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਐੱਲਏਸੀ ਦੇ ਨਾਲ ਵਿਵਾਦਿਤ ਖੇਤਰਾਂ ਵਿੱਚ ਆਪਣੀਆਂ ਦੋ ਹੋਰ ਡਿਵੀਜ਼ਨਾਂ ਤਾਇਨਾਤ ਕਰ ਦਿੱਤੀਆਂ ਹਨ। ਭਾਰਤ ਦੀ ਖੁਫੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਕਿਹਾ, ‘ਕੁੱਲ ਮਿਲਾ ਕੇ ਚੀਨ ਨੇ ਪੂਰਬੀ ਲੱਦਾਖ ਖੇਤਰ ਵਿੱਚ 24000 ਦੇ ਕਰੀਬ ਫੌਜੀਆਂ ਦੀ ਨਫ਼ਰੀ ਤਾਇਨਾਤ ਕੀਤੀ ਹੈ।’ ਸੂਤਰਾਂ ਨੇ ਕਿਹਾ ਕਿ ਇਕ ਡਿਵੀਜ਼ਨ ਵਿੱਚ ਆਮ ਕਰਕੇ 12 ਹਜ਼ਾਰ ਫੌਜੀ ਹੁੰਦੇ ਹਨ। ਸੂਤਰਾਂ ਮੁਤਾਬਕ ਚੀਨੀ ਫੌਜਾਂ ਨੇ ਸਰਹੱਦੀ ਹਾਲਾਤ ਨੂੰ ਹੋਰ ਹਵਾ ਦੇਣ ਲਈ ਐੱਲਏਸੀ ਦੇ ਨਾਲ ਟੈਂਕ ਤੇ ਜੰਗੀ ਜਹਾਜ਼ਾਂ ਦੀ ਫਲੀਟ ਵੀ ਤਾਇਨਾਤ ਕੀਤੀ ਹੈ। ਤਿੱਬਤ ਖੇਤਰ ਵਿੱਚ ਚੀਨ ਦੋ ਡਿਵੀਜ਼ਨਾਂ ਹੀ ਰੱਖਦਾ ਹੈ, ਪਰ ਹੁਣ ਉਸ ਨੇ ਦੂਰ-ਦੁਰਾਡੇ ਖੇਤਰਾਂ ’ਚ ਤਾਇਨਾਤ ਦੋ ਹੋਰ ਡਿਵੀਜ਼ਨਾਂ ਨੂੰ ਸੱਦ ਲਿਆ ਹੈ।
-ਆਈਏਐੈੱਨਐੱਸ

ਰੱਖਿਅਾ ਮੰਤਰੀ ਭਲਕੇ ਕਰ ਸਕਦੇ ਨੇ ਲੱਦਾਖ ਦਾ ਦੌਰਾ

ਨਵੀਂ ਦਿੱਲੀ: ਚੀਨੀ ਫ਼ੌਜ ਨਾਲ ਸਰਹੱਦ ’ਤੇ ਤਲਖੀ ਦਰਮਿਆਨ ਭਾਰਤੀ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੱਦਾਖ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਦੌਰੇ ਵੇਲੇ ਰਾਜਨਾਥ ਸਿੰਘ ਵੱਲੋਂ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕਾਂ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਪਿਛਲੇ ਸੱਤ ਹਫ਼ਤਿਆਂ ਤੋਂ ਪੂਰਬੀ ਲੱਦਾਖ ’ਚ ਵੱਖ ਵੱਖ ਥਾਵਾਂ ’ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All