ਨਵੀਂ ਦਿੱਲੀ, 22 ਜੁਲਾਈ
ਭਾਰਤ ਅਤੇ ਬਰਤਾਨੀਆ ਨੇ ਇੱਕ-ਦੂਜੇ ਦੀਆਂ ਉੱਚ ਵਿੱਦਿਅਕ ਡਿਗਰੀਆਂ ਨੂੰ ਮਾਨਤਾ ਦੇਣ ਲਈ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਇਹ ਕਦਮ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ। ਬਰਤਾਨੀਆ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਸਮਝੌਤਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਕੀਤੇ ਗਏ ਯੂਕੇ-ਭਾਰਤ ਵਿਆਪਕ ਵਪਾਰਕ ਸਾਂਝੇਦਾਰੀ (ਈਟੀਪੀ) ਦਾ ਹਿੱਸਾ ਹੈ।’’ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੇ ਬਰਤਾਨੀਆ ਦੀਆਂ ਕੌਮੀ ਸਿਹਤ ਸੇਵਾਵਾਂ ਵਿੱਚ ਸਿਖਲਾਈ ਅਤੇ ਕੰਮ ਕਰਨ ਦੀ ਇੱਛਾ ਰੱਖਣ ਵਾਲੀਆਂ ਭਾਰਤੀ ਨਰਸਾਂ ਅਤੇ ਨਰਸਿੰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਮੌਕਾ ਦੇਣ ਲਈ ਇੱਕ ਟਾਸਕ ਫੋਰਸ ਬਣਾਉਣ ਸਬੰਧੀ ਸਮਝੌਤੇ ’ਤੇ ਵੀ ਦਸਤਖ਼ਤ ਕੀਤੇ ਹਨ। ਬਰਤਾਨੀਆ ਦੇ ਕੌਮਾਂਤਰੀ ਵਪਾਰ ਵਿਭਾਗ ਨੇ ਕਿਹਾ ਕਿ ਉੱਚ ਸਿੱਖਿਆ ਸਬੰਧੀ ਸਮਝੌਤਾ ਬਰਤਾਨੀਆ ’ਵਰਸਿਟੀ ਤੋਂ ਗਰੈਜੂਏਟ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਪੋਸਟ-ਗਰੈਜੂਏਟ ਯੋਗਤਾਵਾਂ ਲਈ ਅਰਜ਼ੀ ਦੇਣ ਜਾਂ ਸਰਕਾਰੀ ਕਰੀਅਰ ਸ਼ੁਰੂ ਕਰਨ ਦੀ ਇਜਾਜ਼ਤ ਦੇਵੇਗਾ। ਕੌਮਾਂਤਰੀ ਵਪਾਰ ਸਕੱਤਰ ਐਨ-ਮੈਰੀ ਟਰੇਵਲੀਅਨ ਨੇ ਕਿਹਾ ਕਿ ਇਹ ਸਮਝੌਤਾ ਭਾਰਤੀ ਵਿਦਿਆਰਥੀਆਂ ਲਈ ਬਰਤਾਨੀਆ ਵਿੱਚ ਉੱਚ ਸਿੱਖਿਆ ਦੇ ਰਾਹ ਖੋਲ੍ਹੇਗਾ। ਬਰਤਾਨੀਆ ਦੇ ਸਿੱਖਿਆ ਸਕੱਤਰ ਜੇਮਜ਼ ਕਲੇਵਰਲੀ ਨੇ ਕਿਹਾ, ‘‘ਇਹ ਸਮਝੌਤਾ ਸਾਡੀ ਬਰਤਾਨੀਆ-ਭਾਰਤ ਭਾਈਵਾਲੀ ’ਤੇ ਆਧਾਰਿਤ ਹੈ ਅਤੇ ਇਹ ਭਾਰਤ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਦਾ ਹੈ ਤਾਂ ਕਿ ਉਹ ਇੱਥੇ ਪੜ੍ਹ ਸਕਣ ਅਤੇ ਸਾਡੀ ਆਰਥਿਕਤਾ ਨੂੰ ਹੁਲਾਰਾ ਦੇ ਸਕਣ।’’ -ਪੀਟੀਆਈ