ਨਵੀਂ ਦਿੱਲੀ, 17 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵੱਲੋਂ ਦਹਾਕੇ ਦੇ ਅਖੀਰ ਤੱਕ 6ਜੀ ਟੈਲੀਕਾਮ ਨੈੱਟਵਰਕ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਰਾਹੀਂ ਉੱਚ ਸਪੀਡ ਵਾਲੀ ਇੰਟਰਨੈੱਟ ਸਹੂਲਤ ਮਿਲ ਸਕੇਗੀ। ਭਾਰਤ ਵਿੱਚ ਮੌਜੂਦਾ ਸਮੇਂ 3ਜੀ ਅਤੇ 4ਜੀ ਟੈਲੀਕੌਮ ਨੈੱਟਵਰਕ ਮੌਜੂਦ ਹਨ ਤੇ ਕੰਪਨੀਆਂ ਵੱਲੋਂ ਅਗਲੇ ਕੁਝ ਮਹੀਨਿਆਂ ’ਚ 5ਜੀ ਲਾਂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ‘ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ’ (ਟੀਆਰਏਆਈ) ਵੱਲੋਂ ਕਰਵਾਏ ਸਿਲਵਰ ਜੁਬਲੀ ਸਮਾਗਮ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ 5ਜੀ ਨੈੱਟਵਰਕ ਲਾਂਚ ਹੋਣ ਨਾਲ ਭਾਰਤੀ ਅਰਥਵਿਵਸਥਾ ਵਿੱਚ 450 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ 5ਜੀ ਤੋਂ ਭਾਵ ਸਿਰਫ਼ ਇੰਟਰਨੈੱਟ ਸਪੀਡ ਵਧਾਉਣਾ ਹੀ ਨਹੀਂ ਬਲਕਿ ਵਿਕਾਸ ਦੀ ਰਫ਼ਤਾਰ ਤੇਜ਼ ਕਰਨਾ ਤੇ ਨਵੀਂਆਂ ਨੌਕਰੀਆਂ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ 5ਜੀ ਤਕਨਾਲੋਜੀ ਮੁਲਕ ਦੇ ਸ਼ਾਸਨ ਚਲਾਉਣ ਦੇ ਢੰਗ, ਜੀਵਨ ਸ਼ੈਲੀ ਅਤੇ ਕਾਰੋਬਾਰ ਕਰਨ ’ਚ ਸੌਖ ਆਦਿ ਵਿੱਚ ਹਾਂ-ਪੱਖੀ ਬਦਲਾਅ ਲਿਆਵੇਗੀ। ਸ੍ਰੀ ਮੋਦੀ ਮੁਤਾਬਕ ਇਸ ਦਹਾਕੇ ਦੇ ਅੰਤ ਤੱਕ 6ਜੀ ਨੈੱਟਵਰਕ ਲਾਂਚ ਕਰਨ ਵਾਸਤੇ ਇੱਕ ਟਾਸਕ ਫੋਰਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਟੈਲੀਕੌਮ ਮੰਤਰੀ ਅਸ਼ਵਨੀ ਵੈਸ਼ਨਵ, ਸੰਚਾਰ ਬਾਰੇ ਰਾਜ ਮੰਤਰੀ ਦੇਵੂ ਸਿੰਘ ਚੌਹਾਨ ਅਤੇ ਟਰਾਈ ਦੇ ਮੁਖੀ ਪੀ ਡੀ ਵਾਘੇਲਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਮੁਲਕ ਦਾ ਪਹਿਲਾ 5ਜੀ ਟੈਸਟਬੈੱਡ ਲਾਂਚ ਕੀਤਾ, ਜਿਸ ਨਾਲ ਸਟਾਰਟਅਪਜ਼ ਅਤੇ ਸਨਅਤਕਾਰਾਂ ਨੂੰ ਆਪਣੇ ਉਤਪਾਦਾਂ ਦਾ ਸਥਾਨਕ ਪੱਧਰ ’ਤੇ ਨਿਰੀਖਣ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਵਿਦੇਸ਼ੀ ਕੰਪਨੀਆਂ ’ਤੇ ਨਿਰਭਰਤਾ ਵੀ ਘਟੇਗੀ। ਇਹ ਟੈਸਟਬੈੱਡ ਲਗਪਗ 220 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ 5ਜੀ ਟੈਸਟਬੈੱਡ ਜਟਿਲ ਤੇ ਆਧੁਨਿਕ ਤਕਨਾਲੋਜੀਆਂ ਦੀ ਦਿਸ਼ਾ ’ਚ ਸਵੈ-ਨਿਰਭਰਤਾ ਵੱਲ ਇੱਕ ਅਹਿਮ ਕਦਮ ਹੈ। -ਪੀਟੀਆਈ
5ਜੀ ਸਪੈਕਟ੍ਰਮ ਦੀ ਨਿਲਾਮੀ ਸਬੰਧੀ ਤਜਵੀਜ਼ ਅਗਲੇ ਹਫ਼ਤੇ ਕੈਬਨਿਟ ’ਚ ਰੱਖੀ ਜਾ ਸਕਦੀ ਹੈ
ਨਵੀਂ ਦਿੱਲੀ: ਟੈਲੀਕਾਮ ਵਿਭਾਗ 5ਜੀ ਸਪੈਕਟ੍ਰਮ ਦੀ ਨਿਲਾਮੀ ਸਬੰਧੀ ਤਜਵੀਜ਼ ਨੂੰ ਅੰਤਿਮ ਪ੍ਰਵਾਨਗੀ ਲਈ ਅਗਲੇ ਹਫ਼ਤੇ ਕੇਂਦਰੀ ਕੈਬਨਿਟ ਕੋਲ ਭੇਜ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਡਿਜੀਟਲ ਕਮਿਊਨੀਕੇਸ਼ਨਜ਼ ਕਮਿਸ਼ਨ (ਡੀਸੀਸੀ) ਨੇ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਵੱਲੋਂ ਸੁਝਾਈ ਆਧਾਰ ਕੀਮਤ ਨੂੰ ਫਾਈਨਲ ਕਰ ਲਿਆ ਹੈ। ਅਧਿਕਾਰੀ ਨੇ ਕਿਹਾ, ‘‘ਡੀਸੀਸੀ ਆਪਣੇ ਪੱਧਰ ’ਤੇ ਕੋਈ ਫੈਸਲਾ ਨਹੀਂ ਲੈ ਸਕਦੀ। ਨਿਲਾਮੀ ਯੋਜਨਾ ਬਾਰੇ ਅੰਤਿਮ ਪ੍ਰਵਾਨਗੀ ਲਈ ਕੈਬਨਿਟ ਨੂੰ ਸਿਫਾਰਸ਼ਾਂ ਕਰੇਗੀ। ‘ਟਰਾਏ’ ਵੱਲੋਂ ਸਿਫਾਰਸ਼ ਕੀਤੀ ਆਧਾਰ ਕੀਮਤ ਵਿੱਚ ਕੋਈ ਫੇਰਬਦਲ ਨਹੀਂ ਹੋਵੇਗਾ।’’ -ਪੀਟੀਆਈ
ਕੌਮਾਂਤਰੀ ਫ਼ਿਲਮਸਾਜ਼ਾਂ ਨੂੰ ਭਾਰਤ ’ਚ ਨਿਵੇਸ਼ ਕਰਨ ਦਾ ਸੱਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕਈ ਵਿਸ਼ਿਆਂ ’ਤੇ ਕੰਮ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕੌਮਾਂਤਰੀ ਫ਼ਿਲਮਸਾਜ਼ਾਂ ਨੂੰ ਮੁਲਕ ਵਿੱਚ ਫ਼ਿਲਮਾਂ ਬਣਾਉਣ ਦੀਆਂ ਅਸੀਮ ਸੰਭਾਵਨਾਵਾਂ ਦਾ ਲਾਭ ਲੈਣ ਲਈ ਆਖਿਆ। ਇੱਕ ਸੁਨੇਹੇ ’ਚ ਉਨ੍ਹਾਂ ਕਾਨ ਫ਼ਿਲਮ ਫੈਸਟੀਵਲ ਦੇ ਬਰਾਬਰ ਚੱਲਣ ਵਾਲੇ ਮਾਰਕੇ ਡਿਊ ਫ਼ਿਲਮਜ਼ ਸਮਾਗਮ ਵਿੱਚ ‘ਮਾਣ ਵਾਲੇ ਮੁਲਕ’ ਵਜੋਂ ਭਾਰਤ ਦੀ ਸ਼ਮੂਲੀਅਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ,‘ਭਾਰਤ ਵੱਲੋਂ ਇਸ ਸਮੇਂ ਆਪਣੀ ਆਜ਼ਾਦੀ ਦੇ 75 ਸਾਲ ਮੁਕੰਮਲ ਹੋਣ ’ਤੇ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਕਾਨ ਫ਼ਿਲਮ ਫੈਸਟੀਵਲ ਦੇ 75 ਸਾਲਾਂ ਦੇ ਸਫ਼ਰ ਅਤੇ ਭਾਰਤ-ਫਰਾਂਸ ਦੇ ਕੂਟਨੀਤਕ ਸਬੰਧਾਂ ਦੇ 75 ਵਰ੍ਹੇ ਪੂਰੇ ਹੋਣ ਨਾਲ ਇਹ ਦੋਵੇਂ ਅਹਿਮ ਮੌਕਿਆਂ ’ਤੇ ਖੁਸ਼ੀ ਵਧ ਗਈ ਹੈ। -ਪੀਟੀਆਈ