ਨਵੀਂ ਦਿੱਲੀ, 17 ਮਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਤੇ ਅਫ਼ਰੀਕਾ ਕੋਵਿਡ ਮਹਾਮਾਰੀ ਤੇ ਯੂਕਰੇਨ ਜੰਗ ਦੇ ਅਸਰਾਂ ਤੋਂ ਅਹਿਮ ਸਬਕ ਸਿੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਸੰਸਾਰ ਭਰ ਵਿਚ ਬਣੇ ‘ਬੇਯਕੀਨੀ ਤੇ ਅਸਥਿਰਤਾ ਦੇ ਮਾਹੌਲ’ ਦੇ ਮੱਦੇਨਜ਼ਰ ਢੁੱਕਵੇਂ ਕਦਮ ਵੀ ਜ਼ਰੂਰ ਚੁੱਕਣੇ ਚਾਹੀਦੇ ਹਨ।
ਇਕ ਪੁਸਤਕ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਸਾਂਝ ਤੇ ਸਮਰੱਥਾ ਵਿਚ ਵਾਧਾ ਭਾਰਤ ਤੇ ਅਫ਼ਰੀਕਾ ਮਹਾਦੀਪ ਦੇ ਰਿਸ਼ਤਿਆਂ ਦਾ ਕੇਂਦਰਬਿੰਦੂ ਹੈ। ਉਨ੍ਹਾਂ ਕਿਹਾ ਕਿ ਭਾਰਤ, ਅਫ਼ਰੀਕੀ ਸਮਾਜ ਲਈ ਵੱਧ ਰਹੇ ਕੱਟੜਵਾਦ ਤੇ ਅਤਿਵਾਦ ਦੇ ਖ਼ਤਰਿਆਂ ਬਾਰੇ ‘ਚੰਗੀ ਤਰ੍ਹਾਂ ਜਾਣਦਾ ਹੈ’। ਦੋਵੇਂ ਧਿਰਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਕਰ ਰਹੀਆਂ ਹਨ। ਜੈਸ਼ੰਕਰ ਨੇ ਇਸ ਮੌਕੇ ਦੱਸਿਆ ਕਿ ਭਾਰਤ ਨੇ ਅਫ਼ਰੀਕਾ ਵਿਚ ਹੁਣ ਤੱਕ 189 ਪ੍ਰਾਜੈਕਟ ਮੁਕੰਮਲ ਕੀਤੇ ਹਨ ਜਦਕਿ 76 ਹੋਰ ਮੁਕੰਮਲ ਕੀਤੇ ਜਾ ਰਹੇ ਹਨ। ਕਰੀਬ 41 ਮੁਲਕਾਂ ਲਈ ਭਾਰਤ ਨੇ 12 ਅਰਬ ਅਮਰੀਕੀ ਡਾਲਰ ਦੀ ਕਰੈਡਿਟ ਲਾਈਨ ਵੀ ਖੋਲ੍ਹੀ ਹੋਈ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਧਿਰਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਨਵੀਂ ਊਰਜਾ ਤੇ ਸੋਚ ਲਿਆਂਦੀ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਫ਼ਰੀਕਾ ਵਪਾਰਕ ਪੱਖ ਤੋਂ ਵੀ ਪ੍ਰੇਰਿਤ ਕਰਨ ਵਾਲਾ ਸਹਿਯੋਗ ਕਰ ਰਹੇ ਹਨ। -ਪੀਟੀਆਈ