ਬੰਗਲੂਰੂ, 3 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਵਾਂਗ ਭਾਰਤ ਵੀ ਆਪਣੀਆਂ ਸਰਹੱਦਾਂ ’ਤੇ ਦਖ਼ਲਅੰਦਾਜ਼ੀ ਕਰਨ ਵਾਲਿਆਂ ਨੂੰ ਮੋੜਵਾਂ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਸੰਦਰਭ ਵਿੱਚ ਹੀ ਸਰਹੱਦ ਪਾਰ ਜਾ ਕੇ ਸਰਜੀਕਲ ਹਮਲੇ ਕੀਤੇ ਗਏ ਸਨ। ਸੁਰੱਖਿਆ ਮਾਪਦੰਡਾਂ ’ਚ ਅਣਗਹਿਲੀ ਲਈ ਪਿਛਲੀ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਕਦੇ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦੀ ਦਹਿਸ਼ਤੀ ਹਮਲੇ ਕਰਦੇ ਸਨ ਤਾਂ ਭਾਰਤ ਸਿਰਫ਼ ਬਿਆਨ ਜਾਰੀ ਕਰਨ ਤੱਕ ਸੀਮਤ ਸੀ ਪਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਹੁਣ ਚੀਜ਼ਾਂ ਬਦਲ ਗਈਆਂ ਹਨ।
ਇਥੇ ਨਰੂਪਾਥੁੰਗਾ ਯੂਨੀਵਰਸਿਟੀ, ਇਸ ਦੇ ਅਕਾਦਮਿਕ ਬਲਾਕ ਤੇ ਹੋਰਨਾਂ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਸ੍ਰੀ ਸ਼ਾਹ ਨੇ ਕਿਹਾ, ‘‘ਇਸ ਤੋਂ ਪਹਿਲਾਂ ਅਮਰੀਕਾ ਤੇ ਇਜ਼ਰਾਈਲ ਹੀ ਅਜਿਹੇ ਦੋ ਮੁਲਕ ਸਨ, ਜੋ ਆਪਣੀਆਂ ਸਰਹੱਦਾਂ ਤੇ ਫ਼ੌਜਾਂ ਨਾਲ ਬੇਲੋੜਾ ਉਲਝਣ ਵਾਲਿਆਂ ਨੂੰ ਜਵਾਬ ਦਿੰਦੇ ਸਨ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਕੇ ਸਾਡਾ ਮਹਾਨ ਦੇਸ਼ ਭਾਰਤ ਵੀ ਇਸ ਸਮੂਹ ’ਚ ਸ਼ਾਮਲ ਹੋ ਗਿਆ ਹੈ।’’ ਸ਼ਾਹ ਨੇ ਦੱਸਿਆ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ 2016 ਵਿੱਚ ਉੜੀ ਅਤੇ 2019 ਵਿੱਚ ਪੁਲਵਾਮਾ ਹਮਲਾ ਹੋਇਆ। ਅਸੀਂ ਦਸ ਦਿਨਾਂ ਅੰਦਰ ਪਾਕਿਸਤਾਨ ਦੇ ਅੰਦਰ ਵੜ ਕੇ ਸਰਜੀਕਲ ਤੇ ਹਵਾਈ ਹਮਲੇ ਕੀਤੇ। ਗ੍ਰਹਿ ਮੰਤਰੀ ਨੇ ਕਿਹਾ, ‘‘ਕੁਝ ਲੋਕ ਇਨ੍ਹਾਂ (ਸਰਜੀਕਲ ਤੇ ਹਵਾਈ ਹਮਲਿਆਂ) ਦੇ ਅਸਰ ਨੂੰ ਲੈ ਕੇ ਸਵਾਲ ਕਰਦੇ ਹਨ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਜਵਾਬੀ ਹਮਲੇ ਦਾ ਵੱਡਾ ਅਸਰ ਹੁੰਦਾ ਹੈ। ਹੁਣ ਪੂਰੇ ਵਿਸ਼ਵ ਨੂੰ ਪਤਾ ਹੈ ਕਿ ਕੋਈ ਵੀ ਭਾਰਤੀ ਸਰਹੱਦ ’ਚ ਦਖਲ ਨਹੀਂ ਦੇ ਸਕਦਾ ਤੇ ਇਸ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।’ ਉਨ੍ਹਾਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਧਾਰਾ 370ਏ, 35ਏ ਨੂੰ ਮਨਸੂਖ਼ ਕਰਨ ਤੇ ਨਾਗਰਿਕਤਾ ਸੋਧ ਐਕਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੇਸ਼ ਵਿੱਚ ਸਿੱਖਿਆ ਪ੍ਰਬੰਧ ’ਚ ਸੁਧਾਰ ਲਈ ਕੀਤੇ ਵੱਖ ਵੱਖ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਨਵੀਂ ਕੌਮੀ ਸਿੱਖਿਆ ਨੀਤੀ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਵਧਾਈ ਦਿੱਤੀ। -ਪੀਟੀਆਈ