ਨਵੀਂ ਦਿੱਲੀ, 14 ਅਗਸਤ
ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਦੇਸ਼ ਵਿੱਚ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਜ਼ਾਦੀ ਦਿਵਸ ਸਮਾਗਮਾਂ ਦੇ ਮੁੱਖ ਕੇਂਦਰ ਕੌਮੀ ਰਾਜਧਾਨੀ ਦਿੱਲੀ ਵਿੱਚ 10,000 ਤੋਂ ਵੱਧ ਜਵਾਨ ਤਾਇਨਾਤ ਕਰਦਿਆਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਇਸੇ ਦੌਰਾਨ ਵਿੱਤੀ ਰਾਜਧਾਨੀ ਮੁੰਬਈ ਤੋਂ ਇਲਾਵਾ, ਆਸਾਮ, ਅਰੁਣਾਚਲ ਪ੍ਰਦੇਸ਼ ਸਣੇ ਹੋਰ ਸੂਬਿਆਂ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਦਿੱਲੀ ਵਿੱਚ ਸੁਰੱਖਿਆ ਪ੍ਰਬੰਧਾਂ ਤਹਿਤ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਕੈਮਰਿਆਂ ਤੋਂ ਲੈ ਕੇ ਬਹੁ-ਪੱਧਰੀ ਸੁਰੱਖਿਆ ਕਵਰ ਅਤੇ 400 ਤੋਂ ਵੱਧ ਪਤੰਗ ਫੜਨ ਵਾਲਿਆਂ (ਕਾਈਟ ਕੈਚਰਾਂ) ਦੀ ਤਾਇਨਾਤੀ ਕਰਦਿਆਂ ਸੁਰੱਖਿਆ ਬਲਾਂ ਨੇ ਇਤਿਹਾਸਕ ਕਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ। ਲਾਲ ਕਿਲ੍ਹੇ ’ਤੇ ਆਜ਼ਾਦੀ ਦਿਵਸ ਸਮਾਗਮ ਲਈ 7,000 ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਲਾਲ ਕਿਲ੍ਹੇ ਦੇ ਆਲੇ-ਦੁਆਲੇ 5 ਕਿਲੋਮੀਟਰ ਦੇ ਖੇਤਰ ਨੂੰ ਤਿਰੰਗਾ ਲਹਿਰਾਉਣ ਤੱਕ ‘ਪਤੰਗ ਉਡਾਉਣ ਰਹਿਤ ਖੇਤਰ’ ਵਜੋਂ ਸੀਮਾਬੱਧ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਪੁਲੀਸ ਨੇ ਆਨੰਦ ਵਿਹਾਰ ਅੰਤਰਰਾਜੀ ਬੱਸ ਟਰਮੀਨਲ ਨੇੜਿਓਂ 2,200 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਸਨ ਅਤੇ ਇਸ ਸਬੰਧ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਪੂਰੀ ਚੌਕਸੀ ਵਰਤਿਆਂ ਪੁਲੀਸ ਵੱਲੋਂ ਬਾਰੂਦੀ ਸੁਰੰਗਾਂ (ਆਈਈਡੀ) ਦੀ ਵੀ ਵੱਡੇ ਪੱਧਰ ’ਤੇ ਜਾਂਚ ਕਰ ਰਹੀ ਹੈ। ਜਵਾਨਾਂ ਨੂੰ ਯੋਜਨਾਵਾਂ ਅਨੁਸਾਰ ਲੋੜੀਂਦੀ ਸੁਰੱਖਿਆ, ਸਿਖਲਾਈ ਅਤੇ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਦੀਪੇਂਦਰ ਪਾਠਕ ਨੇ ਕਿਹਾ ਕਿ ਦਿੱਲੀ ਵਿੱਚ ਧਾਰਾ 144 ਦੇ ਪ੍ਰਬੰਧ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਐਂਟੀ ਡਰੋਨ ਪ੍ਰਣਾਲੀਆਂ ਦੇ ਨਾਲ ਸੁਰੱਖਿਆ ਬਲਾਂ ਦੀਆਂ ਕਈ ਯੂਨਿਟਾਂ ਤਾਇਨਾਤ ਕੀਤੀਆਂ ਗਈਆਂ ਹਨ। ਕਸ਼ਮੀਰ ਵਿੱਚ ਆਜ਼ਾਦੀ ਦਿਵਸ ਸਬੰਧੀ ਮੁੱਖ ਸਮਾਗਮ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ ਜਿਸ ਦੀ ਪ੍ਰਧਾਨਗੀ ਉਪ ਰਾਜਪਾਲ ਮਨੋਜ ਸਿਨਹਾ ਕਰਨਗੇੇ। ਸਟੇਡੀਅਮ ਦੀ ਨਿਗਰਾਨੀ ਲਈ ਡਰੋਨ, ਸਨਾਈਪਰ ਅਤੇ ਸਿਵਲ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਸਮਾਗਮਾਂ ਦੇ ਮੱਦੇਨਜ਼ਰ ਆਸਾਮ ਤੇ ਅਰਣਾਚਲ ਪ੍ਰਦੇਸ਼ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਆਸਾਮ ਵਿੱਚ ਇੱਕ ਅਧਿਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦਹਿਸ਼ਤਗਰਦਾਂ ਦੇ ਸਰਗਰਮ ਹੋਣ ਦੀ ਸੂਹ ਮਿਲਣ ਮਗਰੋਂ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ ਪਰੇਡ ਗਰਾਊਂਡਾਂ ਦੇ ਆਲੇ ਦੁਆਲੇ ਬਹੁ-ਪਰਤੀ ਸੁਰੱਖਿਆ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਵੀ ਦਹਿਸ਼ਤੀ ਗੁਟਾਂ ਨਾਲ ਜੁੜੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਨੇ ਅੱਜ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਸਮਰਥਿਤ ਦਹਿਸ਼ਤੀ ਮੌਡਿਊਲ ਬੇਨਕਾਬ ਕਰਨ ਦਾ ਕੀਤਾ ਹੈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਪੰਜਾਬ ਪੁਲੀਸ ਤੇ ਦਿੱਲੀ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। -ਪੀਟੀਆਈ