ਨਵੀਂ ਦਿੱਲੀ, 6 ਜਨਵਰੀ
ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਮੀਦਵਾਰਾਂ ਦੇ ਲਈ ਚੋਣ ਖਰਚੇ ਦੀ ਸੀਮਾ ਲੋਕ ਸਭਾ ਚੋਣਾਂ ਲਈ 70 ਲੱਖ ਤੋਂ ਵਧਾ ਕੇ 95 ਲੱਖ ਕਰ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਚੋਣਾਂ ਲਈ 28 ਲੱਖ ਤੋਂ ਵਧਾ ਕੇ 40 ਲੱਖ ਕਰ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਲਈ ਸੋਧੇ ਗਏ ਚੋਣ ਖਰਚਿਆਂ ਦੀ ਸੀਮਾ ਵੱਡੇ ਸੂਬਿਆਂ ਦੇ ਉਮੀਦਵਾਰਾਂ ਲਈ 90 ਲੱਖ ਰੁਪਏ ਤੇ ਛੋਟੇ ਸੂਬਿਆਂ ਦੇ ਉਮੀਦਵਾਰਾਂ ਲਈ 75 ਲੱਖ ਰੁਪਏ ਹੈ। ਪਹਿਲਾਂ ਇਹ ਸੀਮਾ ਕ੍ਰਮਵਾਰ 70 ਲੱਖ ਤੇ 54 ਲੱਖ ਸੀ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਲਈ ਵੱਡੇ ਸੂਬਿਆਂ ਦੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ 40 ਲੱਖ ਕਰ ਦਿੱਤੀ ਗਈ ਹੈ ਤੇ ਛੋਟੇ ਸੂਬਿਆਂ ਦੇ ਉਮੀਦਵਾਰ 20 ਲੱਖ ਦੀ ਬਜਾਏ 28 ਲੱਖ ਖਰਚ ਸਕਦੇ ਹਨ। -ਪੀਟੀਆਈ