ਨਵੀਂ ਦਿੱਲੀ, 24 ਸਤੰਬਰ
ਕਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਦੇਸ਼ ਲਈ ਖ਼ੁਸਖ਼ਬਰ ਹੈ ਕਿ ਅੱਜ ਲਗਾਤਾਰ ਛੇਵੇਂ ਦਿਨ ਇਸ ਮਹਾਮਾਰੀ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਲਾਗ ਦੀ ਜ਼ੱਦ ਵਿੱਚ ਆਉਣ ਵਾਲੇ ਕੇਸਾਂ ਨਾਲੋਂ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 87,374 ਲੋਕ ਕਰੋਨਾਵਾਇਰਸ ਤੋਂ ਸਿਹਤਯਾਬ ਹੋਣ ਵਿਚ ਸਫਲ ਰਹੇ ਜਦੋਂਕਿ ਵੀਰਵਾਰ ਸਵੇੇਰੇ ਅੱਠ ਵਜੇ ਤੱਕ 86,508 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਕਰੋਨਾ ਤੋਂ ਰਿਕਵਰ ਹੋਣ ਵਾਲੇ 74 ਫੀਸਦ ਦੇ ਕਰੀਬ ਕੇਸ ਦਸ ਰਾਜਾਂ – ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਯੂਪੀ, ਤਾਮਿਲ ਨਾਡੂ, ਉੜੀਸਾ, ਦਿੱਲੀ, ਕੇਰਲਾ, ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਹਨ। ਇਸ ਦੌਰਾਨ 86,508 ਨਵੇਂ ਪਾਜ਼ੇਟਿਵ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਦਾ ਕੁੱਲ ਕੇਸਲੋਡ ਵੱਧ ਕੇ 57 ਲੱਖ ਨੂੰ ਟੱਪ ਗਿਆ ਹੈ ਜਦੋਂਕਿ 46 ਲੱਖ ਤੋਂ ਵੱਧ ਲੋਕਾਂ ਦੇ ਸਿਹਤਯਾਬ ਹੋਣ ਨਾਲ ਕੌਮੀ ਰਿਕਵਰੀ ਦਰ ਵਧ ਕੇ 81.55 ਫੀਸਦ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1129 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 91,149 ਹੋ ਗਈ ਹੈ। ਅੰਕੜਿਆਂ ਮੁਤਾਬਕ ਕੁੱਲ ਸਰਗਰਮ ਕੇਸਾਂ ਦੀ ਗਿਣਤੀ 9,66,382 ਹੈ, ਜੋ ਕਿ ਕੁੱਲ ਕੇਸ ਲੋਡ ਦਾ 16.86 ਫੀਸਦ ਬਣਦਾ ਹੈ। ਆਈਸੀਐੱਮਆਰ ਮੁਤਾਬਕ 23 ਸਤੰਬਰ ਤਕ 6,74,36,031 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਵੀਰਵਾਰ ਸਵੇਰੇ ਅੱਠ ਵਜੇ ਤਕ ਰਿਪੋਰਟ ਹੋਈਆਂ 1129 ਮੌਤਾਂ ’ਚੋਂ ਮਹਾਰਾਸ਼ਟਰ ’ਚ 479, ਉੱਤਰ ਪ੍ਰਦੇਸ਼ 87, ਪੰਜਾਬ 64, ਤਾਮਿਲ ਨਾਡੂ 63, ਪੱਛਮੀ ਬੰਗਾਲ 61, ਆਂਧਰਾ ਪ੍ਰਦੇਸ਼ 45, ਮੱਧ ਪ੍ਰਦੇਸ਼ 42, ਕਰਨਾਟਕ 38 ਤੇ ਦਿੱਲੀ ਵਿੱਚ 36 ਵਿਅਕਤੀ ਦਮ ਤੋੜ ਗਏ। -ਪੀਟੀਆਈ