ਮੁੰਬਈ: ਮੁੰਬਈ ਦੀ ਅਦਾਲਤ ਨੇ ਕਾਰੋਬਾਰੀ ਰਾਜ ਕੁੰਦਰਾ ਦੀ ਪੁਲੀਸ ਹਿਰਾਸਤ 27 ਜੁਲਾਈ ਤੱਕ ਵਧਾ ਦਿੱਤੀ ਹੈ। ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਕੁਝ ਐਪਸ ਰਾਹੀਂ ਆਨਲਾਈਨ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ ਨੂੰ 19 ਜੁਲਾਈ ਦੀ ਰਾਤ ਨੂੰ ਮੁੰਬਈ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜ ਕੁੰਦਰਾ ਖ਼ਿਲਾਫ਼ ਆਈਪੀਸੀ ਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਕੁੰਦਰਾ ਦਾ ਪਹਿਲਾ ਰਿਮਾਂਡ ਖ਼ਤਮ ਹੋਣ ਉਤੇ ਅੱਜ ਉਸ ਨੂੰ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲੀਸ ਨੇ ਹਿਰਾਸਤ ਵਿਚ ਵਾਧੇ ਦੀ ਮੰਗ ਕੀਤੀ। ਪੁਲੀਸ ਨੇ ਕਿਹਾ ਕਿ ਮਾਮਲੇ ਵਿਚ ਹੋਰ ਜਾਂਚ ਕੀਤੀ ਜਾਣੀ ਹੈ। ਇਸ ਤੋਂ ਬਾਅਦ ਅਦਾਲਤ ਨੇ ਹਿਰਾਸਤ ਵਿਚ ਵਾਧਾ ਕਰ ਦਿੱਤਾ। -ਪੀਟੀਆਈ