ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 12 ਅਗਸਤ
ਸਰਕਾਰ ਨੇ ਬੁੱਧਵਾਰ ਨੂੰ ਚੀਨੀ ਅਦਾਰਿਆਂ ’ਤੇ ਸ਼ਿਕੰਜਾ ਕੱਸਦਿਆਂ ਕਈ ਥਾਈਂ ਤਲਾਸ਼ੀ ਮੁਹਿੰਮ ਚਲਾਈ। ਆਮਦਨ ਕਰ ਵਿਭਾਗ ਦੀ ਟੀਮ ਨੇ ਕੁਝ ਚੀਨੀ ਅਤੇ ਉਨ੍ਹਾਂ ਦੇ ਭਾਰਤੀ ਸਹਿਯੋਗੀਆਂ ਦੀਆਂ ਫਰਜ਼ੀ ਕੰਪਨੀਆਂ ’ਤੇ ਛਾਪੇ ਮਾਰੇ, ਜਿਸ ਵਿੱਚ ਮਨੀ ਲਾਂਡਰਿੰਗ ਅਤੇ ਹਵਾਲਾ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਟੀਮ ਨੇ ਚੀਨੀ ਸੰਸਥਾਵਾਂ, ਉਨ੍ਹਾਂ ਦੇ ਨੇੜਲਿਆਂ ਅਤੇ ਕੁਝ ਬੈਂਕ ਕਰਮਚਾਰੀਆਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਛਾਪੇ ਮਾਰੇ। ਜਾਂਚ ਵਿੱਚ ਇਹ ਵੀ ਪਤਾ ਚਲਿਆ ਹੈ ਕਿ ਚੀਨੀ ਵਿਅਕਤੀਆਂ ਦੇ ਇਸ਼ਾਰੇ ’ਤੇ ਵੱਖ-ਵੱਖ ਫਰਜ਼ੀ ਸੰਸਥਾਵਾਂ ਦੇ ਨਾਂ ’ਤੇ 40 ਤੋਂ ਵੱਧ ਬੈਂਕ ਖਾਤੇ ਖੁਲਵਾਏ ਗਏ ਸਨ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਖਾਤਿਆਂ ਰਾਹੀਂ ਸਮੇਂ ਸਮੇਂ ਦੌਰਾਨ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਗਿਆ।ਜਿਨ੍ਹਾਂ ਕੰਪਨੀਆਂ ਵਿੱਚ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਉਨ੍ਹਾਂ ਵਿੱਚ ਊਹ ਚੀਨੀ ਕੰਪਨੀ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਭਾਰਤ ਵਿਚ ਪ੍ਰਚੂਨ ਸ਼ੋਅਰੂਮ ਕਾਰੋਬਾਰ ਖੋਲ੍ਹਣ ਲਈ ਫਰਜ਼ੀ ਕੰਪਨੀਆਂ ਦੇ ਨਾਂ ਹੇਠ 100 ਕਰੋੜ ਰੁਪਏ ਇਕੱਠੇ ਕੀਤੇ ਸਨ। ਜਾਂਚ ਦੌਰਾਨ ਹਵਾਲਾ ਲੈਣ-ਦੇਣ ਅਤੇ ਮਨੀ ਲਾਂਡਰਿੰਗ ਸਬੰਧੀ ਅਹਿਮ ਦਸਤਾਵੇਜ਼ ਅਤੇ ਬੈਂਕ ਕਰਮਚਾਰੀਆਂ ਅਤੇ ਚਾਰਟਰਡ ਅਕਾਉਂਟੈਂਟਾਂ ਦੀ ਸਰਗਰਮ ਸ਼ਮੂਲੀਅਤ ਦੇ ਸਬੂਤ ਮਿਲੇ ਹਨ। ਇਹ ਛਾਪੇਮਾਰੀ ਹਾਲੇ ਵੀ ਜਾਰੀ ਹੈ। ਜਾਂਚ ਦੌਰਾਨ ਹਾਂਗਕਾਂਗ ਅਤੇ ਅਮਰੀਕੀ ਡਾਲਰ ਦੇ ਵਿਦੇਸ਼ੀ ਹਵਾਲਾ ਕਾਰੋਬਾਰ ਦਾ ਵੀ ਪਤਾ ਚਲਿਆ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਛਾਪੇਮਾਰੀ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਹੈ। ਇਸੇ ਦੌਰਾਨ ਚੀਨੀ ਮਾਲ ਦੇ ਸਭ ਤੋਂ ਵੱਡੇ ਦਰਾਮਦਕਾਰਾਂ ਨੇ ਨਵਾਂ ਫੈਸਲਾ ਲਿਆ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ‘ਚੀਨ ਭਾਰਤ ਛੱਡੋ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਰਤ ਵਿੱਚ ਚੀਨ ਦੇ ਵਧ ਰਹੇ ਕਦਮਾਂ ਅਤੇ ਚੀਨੀ ਮਾਲ ਦੀ ਦਰਾਮਦ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।