ਨਵੀਂ ਦਿੱਲੀ: ਮਾਈਕ੍ਰੋਸਾਫਟ ਵੱਲੋਂ ਮਾਈਕ੍ਰੋਸਾਫ਼ਟ 365 ਸਬਸਕ੍ਰਾਈਬਰਜ਼ ਲਈ ‘ਵਰਡ’ ਵਿੱਚ ‘ਆਡੀਓ ਟਰਾਂਸਕ੍ਰਿਪਸ਼ਨ’ (ਆਵਾਜ਼ ਪ੍ਰਤੀਲਿਪੀ) ਦੀ ਸਹੂਲਤ ਸ਼ਾਮਲ ਕੀਤੀ ਗਈ ਹੈ। ਆਵਾਜ਼ ਦੀ ਕਮਾਂਡ ਨਾਲ ਚੱਲਣ ਵਾਲੀ ਇਸ ਆਪਸ਼ਨ ਨਾਲ ਵਿਦਿਆਰਥੀਆਂ, ਪੱਤਰਕਾਰਾਂ, ਖੋਜਾਰਥੀਆਂ ਨੂੰ ਮਦਦ ਮਿਲੇਗੀ ਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ। ਕੰਪਨੀ ਨੇ ਮੰਗਲਵਾਰ ਐਲਾਨ ਕੀਤਾ ਕਿ ਮਾਈਕ੍ਰੋਸਾਫ਼ਟ 365 ਸਬਸਕ੍ਰਾਈਬਰਜ਼ ਵਰਤੋਂਕਾਰ ਵੈੱਬ ਲਈ ‘ਵਰਡ’ ਵਿੱਚ ਸਿੱਧੇ ਗੱਲਬਾਤ ਰਿਕਾਰਡ ਕਰ ਸਕਦੇ ਹਨ ਜਿਸ ਦੀ ਪ੍ਰਤੀਲਿਪੀ ਆਪਣੇ ਆਪ ਰਿਕਾਰਡ ਹੋ ਜਾਵੇਗੀ। ਆਫਿਸ ਮੋਬਾਈਲ ਵਿੱਚ ਇਹ ਟਰਾਂਸਕ੍ਰਾਈਬ ਸਾਲ ਦੇ ਅੰਤ ਤੱਕ ਆ ਜਾਵੇਗੀ। ਮੌਜੂਦਾ ਸਮੇਂ ਹਰ ਮਹੀਨੇ ਪੰਜ ਘੰਟੇ ਦੀ ਰਿਕਾਰਡਿੰਗ ਅਪਲੋਡ ਕੀਤੀ ਜਾ ਸਕਦੀ ਹੈ ਤੇ ਹਰ ਰਿਕਾਰਡਿੰਗ ਦੀ ਸੀਮਾ 200 ਐੱਮਬੀ ਹੈ। ਕੰਪਨੀ ਮੁਤਾਬਕ ਵਰਡ ਵਿੱਚ ‘ਟਰਾਂਸਕ੍ਰਾਈਬ’ ਮਾਈਕ੍ਰੋਸਾਫ਼ਟ ਐੱਜ ਜਾਂ ਕਰੋਮ ਬਰਾਊਜ਼ਰ ’ਤੇ ਚੱਲ ਸਕੇਗੀ। ਇਸ ਵਿੱਚ ਵਰਡ ਤੋਂ ਬਾਹਰ ਰਿਕਾਰਡ ਕੀਤੀਆਂ ਆਡੀਓ ਜਾਂ ਵੀਡੀਓ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਐੱਮਪੀ3, ਡਬਲਿਊਏਡੀ, ਐੱਮ4ਏ ਜਾਂ ਐੱਮਪੀ4 ਕਿਸਮ ਦੀਆਂ ਫਾਈਲਾਂ ਅਪਲੋਡ ਹੋ ਸਕਣਗੀਆਂ। -ਆਈਏਐੱਨਐੱਸ