ਜੰਮੂ, 13 ਅਗਸਤ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਦੁਨੀਆਂ ਦੇ ਸਭ ਤੋਂ ਉੱਚੇ ਚੇਨਾਬ ਰੇਲਵੇ ਪੁਲ ਦਾ ਉਦਘਾਟਨ ਕੀਤਾ ਗਿਆ। ਇਸ ਦੇ ਉਦਘਾਟਨ ਮੌਕੇ ਪਟਾਕੇ ਚਲਾਏ ਗਏ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੋਕਾਂ ਨੇ ਕੌਮੀ ਗੀਤ ਗਾਇਆ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਿਵਲ ਇੰਜਨੀਅਰਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ 1.3 ਕਿਲੋਮੀਟਰ ਲੰਬੇ ਅਤੇ 1250 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪੁਲ ਦਾ 98 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇਹ ਪੁਲ ਚੇਨਾਬ ਦਰਿਆ ਦੇ ਤਲ ਤੋਂ 359 ਦੀ ਉਚਾਈ ’ਤੇ ਬਣਾਇਆ ਗਿਆ ਹੈ ਅਤੇ ਇਹ ਪੈਰਿਸ ਦੇ ਆਇਫਲ ਟਾਵਰ ਤੋਂ 30 ਮੀਟਰ ਉੱਚਾ ਹੈ। ਇਹ ਪੁਲ ਕੱਟੜਾ ਤੋਂ ਬਨਿਹਾਲ ਤੱਕ 111 ਕਿਲੋਮੀਟਰ ਲੰਮੇ ਹਿੱਸੇ ਨੂੰ ਜੋੜਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪੁਲ ਨੂੰ ਮੁਕੰਮਲ ਕਰਨ ਲਈ 1300 ਤੋਂ ਵੱਧ ਕਾਮੇ ਅਤੇ 300 ਇੰਜਨੀਅਰ 24 ਘੰਟੇ ਕੰਮ ਕਰਦੇ ਰਹੇ ਹਨ। ਪੁਲ ਦੀ ਉਸਾਰੀ 2004 ਵਿੱਚ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਝੱਲਣ ਦੇ ਸਮਰੱਥ ਹੈ ਅਤੇ ਇਸ ਦੀ ਮਿਆਦ 120 ਸਾਲ ਤੱਕ ਹੈ। -ਪੀਟੀਆਈ