ਨਵੀਂ ਦਿੱਲੀ, 28 ਦਸੰਬਰ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਜ ਦੇ ਅਨਿਸ਼ਚਿਤਤਾ ਵਾਲੇ ਮਾਹੌਲ ਵਿੱਚ ਜੰਗ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਭਾਰਤ ਵੱਲੋਂ ਕਿਸੇ ਵੀ ਕਿਸਮ ਦੀ ਸੁਰੱਖਿਆ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰੀ ਦੇ ਹਿੱਸੇ ਵਜੋਂ ਸਰਹੱਦ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਹੱਤਵ ਬਾਰੇ ਜਾਣਕਾਰੀ ਦੇ ਰਹੇ ਸਨ। ਬੀਆਰਓ ਵੱਲੋਂ ਤਿਆਰ ਕੀਤੇ ਗਏ 27 ਸੜਕਾਂ ਤੇ ਪੁਲਾਂ ਸਬੰਧੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਉੱਤਰੀ ਸੈਕਟਰ ਵਿੱਚ ਹੋਏ ਜਬਰੀ ਦਖ਼ਲ ਦਾ ਸ਼ਕਤੀਸ਼ਾਲੀ ਢੰਗ ਨਾਲ ਜੁਆਬ ਨਾ ਦੇ ਸਕਦਾ ਜੇਕਰ ਇਸ ਖਿੱਤੇ ਵਿੱਚ ਬੁਨਿਆਦੀ ਢਾਂਚਾ ਨਾ ਹੁੰਦਾ। ਉਨ੍ਹਾਂ ਇੱਕ ਵਰਚੁਅਲ ਸਮਾਗਮ ਮੌਕੇ 24 ਸੜਕਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਦੱਖਣੀ ਲੱਦਾਖ ਵਿੱਚ ਉਮੀਲਿੰਗ ਲਾ ਪਾਸ ’ਤੇ 19,000 ਫੁੱਟ ਦੀ ਉਚਾਈ ’ਤੇ ਬਣੀ ਸੜਕ ਵੀ ਸ਼ਾਮਲ ਹੈ ਜੋ ਹੁਣ ਵਿਸ਼ਵ ਦੀ ਸਭ ਤੋਂ ਉੱਚੀ ਸੜਕ ਬਣ ਗਈ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਆਜ਼ਾਦੀ ਮਗਰੋਂ ਸਰਹੱਦਾਂ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਪਰ ਉਨ੍ਹਾਂ ਮੰਨਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਨਜ਼ਰੀਏ ’ਚ ਵੱਡੇ ਪੱਧਰ ’ਤੇ ਬਦਲਾਅ ਆਇਆ ਹੈ। ਉਨ੍ਹਾਂ ਕਿਹਾ,‘ਜਿਵੇਂ ਹੀ ਅਸੀਂ ਦਿੱਲੀ ਤੋਂ ਦੂਰ ਜਾਂਦੇ ਹਾਂ ਤਾਂ ਵਿਕਾਸ ਦਾ ਗ੍ਰਾਫ ਵੀ ਉਸੇ ਅਨੁਪਾਤ ’ਚ ਡਿੱਗਦਾ ਜਾਂਦਾ ਹੈ। ਉਨ੍ਹਾਂ ਕਿਹਾ,‘ਪੁਲ, ਸੜਕਾਂ ਤੇ ਸੁਰੰਗਾਂ ਸਾਡੀ ਸੁਰੱਖਿਆ ਤੇ ਸਮੁੱਚੇ ਮੁਲਕ ਨੂੰ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।’ -ਪੀਟੀਆਈ