ਨਵੀਂ ਦਿੱਲੀ, 9 ਨਵੰਬਰ
ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਆਮ ਨਾਗਰਿਕਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਸੀਏਪੀਐਫ ਦੇ 5500 ਹੋਰ ਜਵਾਨਾਂ ਨੂੰ ਵਾਦੀ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਜ਼ਮੀਨ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦਿਖਾਉਣ ਦੀ ਰਣਨੀਤੀ ਤਹਿਤ ਸੀਏਪੀਐਫ ਦੀਆਂ ਨਵੀਂਆਂ ਕੰਪਨੀਆਂ ਵਾਦੀ ਵਿੱਚ ਭੇਜੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਤੂਬਰ ਵਿੱਚ ਨਿਰਦੇਸ਼ ਦਿੱਤਾ ਸੀ ਕਿ ਆਮ ਨਾਗਰਿਕਾਂ ਦੀਆਂ ਹੱਤਿਆ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਲਗਪਗ 55 ਨਵੀਂਆਂ ਕੰਪਨੀਆਂ ਵਾਦੀ ਵਿੱਚ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਖੀਰਲੀਆਂ ਪੰਜ ਕੰਪਨੀਆਂ ਅਗਲੇ ਹਫ਼ਤੇ ਤਕ ਵਾਦੀ ਵਿੱਚ ਤਾਇਨਾਤ ਹੋ ਜਾਣਗੀਆਂ। ਇਨ੍ਹਾਂ ਵਿੱਚ 25 ਕੰਪਨੀਆਂ ਸੀਆਰਪੀਐਫ ਅਤੇ ਬਾਕੀ ਬੀਐਸਐਫ ਦੀਆਂ ਹਨ। ਸੀਏਪੀਐਫ ਦੀ ਇਕ ਕੰਪਨੀ ਵਿੱਚ 100 ਜਵਾਨ ਹੁੰਦੇ ਹਨ। -ਏਜੰਸੀ