ਨਵੀਂ ਦਿੱਲੀ, 30 ਅਗਸਤ
ਸਾਲ 2021 ਵਿੱਚ ਦੇਸ਼ ’ਚ ਰੋਜ਼ਾਨਾ ਅੱਠ ਬੱਚਿਆਂ ਦੀ ਤਸਕਰੀ ਕੀਤੀ ਗਈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ। ਇਹ ਖੁਲਾਸਾ ਐਨਸੀਆਰਬੀ ਦੀ ਰਿਪੋਰਟ ਵਿੱਚ ਹੋਇਆ ਹੈ। ਮਾਹਿਰਾਂ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਇਸ ਚਿੰਤਾਜਨਕ ਰੁਝਾਨ ਦੇ ਮੱਦੇਨਜ਼ਰ ਮਨੁੱਖੀ ਤਸਕਰੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ(ਐਨਸੀਆਰਬੀ) ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2020 ਵਿੱਚ 1,714 ਬੱਚਿਆਂ ਦੀ ਤਸਕਰੀ ਹੋਈ। ਇਸ ਦੇ ਮੁਕਾਬਲੇ 2021 ਵਿੱਚ ਮਨੁੱਖੀ ਤਸਕਰੀ ਦੇ ਕੁੱਲ 2,189 ਮਾਮਲੇ ਦਰਜ ਕੀਤੇ ਗਏ, ਜੋ 27.7 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕੁੱਲ 6,533 ਵਿਅਕਤੀਆਂ ਦੀ ਤਸਕਰੀ ਦੀ ਰਿਪੋਰਟ ਦਰਜ ਹੋਈ ਹੈ। ਇਨ੍ਹਾਂ ਵਿੱਚੋਂ 2,877 ਬੱਚੇ ਅਤੇ 3,656 ਬਾਲਗ ਹਨ। ਇਸ ਤੋਂ ਇਲਾਵਾ 6,213 ਪੀੜਤਾਂ ਨੂੰ ਤਸਕਰਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਗਿਆ ਹੈ। ਇਸ ਦੇ ਨਾਲ ਹੀ ਤਸਕਰੀ ਦੇ 2,189 ਮਾਮਲਿਆਂ ਵਿਚ ਕੁੱਲ 5,755 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰਿਪੋਰਟ ਵਿੱਚ ਸਿਰਫ਼ ਉਨ੍ਹਾਂ ਮਾਮਲਿਆਂ ਦਾ ਲੇਖਾ ਜੋਖਾ ਹੈ ਜੋ ਮਨੁੱਖੀ ਤਸਕਰੀ ਵਿਰੋਧੀ ਯੂਨਿਟ (ਏਐਚਟੀਯੂ) ਦੁਆਰਾ ਦਰਜ ਕੀਤੇ ਗਏ ਹਨ। ਹੁਣ ਤੱਕ 768 ਏਐਚਟੀਯੂ ਕੰਮ ਕਰ ਰਹੇ ਹਨ ਅਤੇ 20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਯੂਨਿਟ ਸਥਾਪਤ ਕਰ ਲਏ ਹਨ। –ਏਜੰਸੀ