ਜੈਪੁਰ, 14 ਨਵੰਬਰ
ਰਾਜਸਥਾਨ ਵਿਧਾਨ ਸਭਾ ਵਿੱਚ ਅੱਜ 6 ਤੋਂ 16 ਸਾਲਾਂ ਦੇ ਬੱਚਿਆਂ ਲਈ ਇੱਕ ਘੰਟੇ ਦਾ ਵਿਸ਼ੇਸ਼ ਮੌਕ ਸੈਸ਼ਨ ਕਰਵਾਇਆ ਗਿਆ, ਜਿਸ ਰਾਹੀਂ ਬੱਚਿਆਂ ਦੀ ਲੋਕਤੰਤਰੀ ਪ੍ਰਣਾਲੀ ਅਤੇ ਸਮਾਜਿਕ ਮੁੱਦਿਆਂ ਬਾਰੇ ਸਮਝ ਉਜਾਗਰ ਹੋਈ। ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦੇ ਬਰਾਬਰ ਕੁੱਲ 200 ਬੱਚਿਆਂ ਨੇ ਪ੍ਰਸ਼ਨ ਕਾਲ, ਸਿਫ਼ਰ ਕਾਲ ਅਤੇ ਸਦਨ ਦੀਆਂ ਹੋਰ ਕਾਰਵਾਈਆਂ ਵਿੱਚ ਸਪੀਕਰ, ਮੁੱਖ ਮੰਤਰੀ, ਮੰਤਰੀਆਂ, ਵਿਰੋਧੀ ਧਿਰ ਦੇ ਆਗੂ ਅਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀ ਵਜੋਂ ਹਿੱਸਾ ਲਿਆ।
ਸੈਸ਼ਨ ਦੀ ਕਾਰਵਾਈ ਸਦਨ ਦੇ ਨਿਯਮਾਂ ਮੁਤਾਬਕ ਚਲਾਈ ਗਈ ਜਿਸ ਦੌਰਾਨ ਬੱਚਿਆਂ ਨੇ ਪੂਰੇ ਵਿਸ਼ਵਾਸ ਨਾਲ ਹਿੱਸਾ ਲਿਆ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੋਂ ਪ੍ਰਸ਼ੰਸਾ ਹਾਸਲ ਕੀਤੀ। ਸਪੀਕਰ ਦੀ ਭੂਮਿਕਾ ਬਾਰੇ ਚਾਨਣਾ ਪਾਉਣ ਵਾਲੀ ਜਾਨਵੀ ਸ਼ਰਮਾ ਨੇ ਪ੍ਰਸ਼ਨ ਕਾਲ ਨਾਲ ਸਦਨ ਦੀ ਕਾਰਵਾਈ ਸ਼ੁਰੂ ਕੀਤੀ। ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀ ਭੂਮਿਕਾ ਨਿਭਾ ਰਹੇ ਬੱਚਿਆਂ ਨੇ ਸੁਆਲ ਕੀਤੇ ਅਤੇ ਮੰਤਰੀਆਂ ਵਜੋਂ ਭੂਮਿਕਾ ਨਿਭਾ ਰਹੇ ਬੱਚਿਆਂ ਨੇ ਤੱਥਾਂ ਤੇ ਜਾਣਕਾਰੀ ਨਾਲ ਇਨ੍ਹਾਂ ਦੇ ਜੁਆਬ ਦਿੱਤੇ। ਇਹ ਸੁਆਲ ਮੁੱਖ ਤੌਰ ’ਤੇ ਬੱਚਿਆਂ ਤੇ ਨੌਜਵਾਨਾਂ ’ਤੇ ਅਧਾਰਿਤ ਸਨ। ਸੁਆਲ ਪੁੱਛਣ ਤੋਂ ਲੈ ਕੇ ਸਦਨ ਦੇ ਵਿਚਕਾਰ ਆ ਕੇ ਧਰਨਾ ਲਾਉਣ, ਵਾਕਆਊਟ ਕਰਨ ਤੇ ਸ਼ੋਰ-ਸ਼ਰਾਬਾ ਕਰਨ ਦੇ ਦ੍ਰਿਸ਼ਾਂ ਰਾਹੀਂ ਬੱਚਿਆਂ ਨੇ ਇਸ ਮੌਕ ਸੈਸ਼ਨ ’ਚ ਰੂਹ ਫੂਕ ਦਿੱਤੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ, ਲੋਕ ਸਭਾ ਸਪੀਕਰ ਓਮ ਬਿਰਲਾ, ਵਿਧਾਨ ਸਭਾ ਦੇ ਸਪੀਕਰ ਸੀ ਪੀ ਜੋਸ਼ੀ ਤੇ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਨੇ ਇਸ ਸੈਸ਼ਨ ਵਿੱਚ ਹਿੱਸਾ ਲਿਆ। -ਪੀਟੀਆਈ