ਨਵੀਂ ਦਿੱਲੀ, 24 ਅਗਸਤ
ਕਰੋਨਾਵਾਇਰਸ ਮਹਾਮਾਰੀ ਦਰਮਿਆਨ ਕੰਪਨੀਆਂ ਨੇ ਮੌਜੂਦਾ ਵਿੱਤੀ ਵਰ੍ਹੇ 2020-21 ’ਚ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ’ਚ ਔਸਤਨ 3.6 ਫ਼ੀਸਦ ਦਾ ਇਜ਼ਾਫਾ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ ’ਚ ਮੁਲਾਜ਼ਮਾਂ ਦੀ ਤਨਖ਼ਾਹ ਔਸਤਨ 8.6 ਫ਼ੀਸਦ ਵਧੀ ਸੀ। ਕੰਸਲਟੈਂਸੀ ਕੰਪਨੀ ਡੇਲੌਇਟ ਟਚ ਤੋਹਮਾਤਸੂ ਇੰਡੀਆ ਐੱਲਐੱਲਪੀ ਦੇ ਸਰਵੇਖਣ ’ਚ ਇਹ ਤੱਥ ਸਾਹਮਣੇ ਆਇਆ ਹੈ। ਸਰਵੇਖਣ ਮੁਤਾਬਕ ਮੁਲਾਜ਼ਮਾਂ ਦੀ ਤਨਖ਼ਾਹ ’ਚ ਵਾਧੇ ਸਬੰਧੀ ਦੋ ਗੱਲਾਂ ‘ਸਮੇਂ’ ਅਤੇ ‘ਕੋਵਿਡ-19’ ਨੇ ਅਹਿਮ ਭੂਮਿਕਾ ਨਿਭਾਈ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਦਾਰਿਆਂ ਨੇ ਮਾਰਚ ’ਚ ਲੌਕਡਾਊਨ ਤੋਂ ਪਹਿਲਾਂ ਤਨਖ਼ਾਹਾਂ ’ਚ ਇਜ਼ਾਫੇ ਦਾ ਫ਼ੈਸਲਾ ਲਿਆ ਸੀ, ਉਨ੍ਹਾਂ ਹੋਰ ਕੰਪਨੀਆਂ ਦੇ ਮੁਕਾਬਲੇ ’ਚ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ’ਚ ਜ਼ਿਆਦਾ ਵਾਧਾ ਕੀਤਾ ਹੈ। ਵੱਡੀ ਗਿਣਤੀ ’ਚ ਕੰਪਨੀਆਂ ਨੇ ਕਿਹਾ ਕਿ ਕਰੋਨਾ ਕਾਰਨ ਉਨ੍ਹਾਂ ਦੀ ਆਮਦਨੀ ’ਚ 20 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਹੋਵੇਗੀ। ਇਸ ਕਾਰਨ ਉਨ੍ਹਾਂ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਘੱਟ ਵਧਾਈ ਹੈ। -ਪੀਟੀਆਈ
ਟੌਲ ਕੁਲੈਕਸ਼ਨ ’ਚ ਸੁਧਾਰ ਹੋਇਆ: ਇਕਰਾ
ਨਵੀਂ ਦਿੱਲੀ: ਰੇਟਿੰਗ ਏਜੰਸੀ ਇਕਰਾ ਨੇ ਕਿਹਾ ਹੈ ਕਿ ਰਾਜਮਾਰਗਾਂ ’ਤੇ ਟੌਲ ਕੁਲੈਕਸ਼ਨ ’ਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੁਲਾਈ ’ਚ ਇਹ ਕੋਵਿਡ-19 ਤੋਂ ਪਹਿਲਾਂ ਦੇ 85 ਫ਼ੀਸਦੀ ਦੇ ਪੱਧਰ ’ਤੇ ਪਹੁੰਚ ਗਿਆ ਹੈ। ਏਜੰਸੀ ਮੁਤਾਬਕ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2020-21 ’ਚ ਕੁਲੈਕਸ਼ਨ ’ਚ ਕਮੀ 10 ਫ਼ੀਸਦੀ ਤੋਂ ਘੱਟ ਰਹਿ ਸਕਦੀ ਹੈ। ਇਕਰਾ ਨੇ ਕਿਹਾ ਕਿ ਸੜਕਾਂ ’ਤੇ ਆਵਾਜਾਈ ਮੁੜ ਪਹਿਲਾਂ ਵਾਂਗ ਬਹਾਲ ਹੋ ਗਈ ਹੈ। ਉਂਜ ਮੁਸਾਫਰ ਵਾਹਨਾਂ ਦੀ ਆਵਾਜਾਈ ਅਜੇ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋਈ ਹੈ। ਇਕਰਾ ਦੇ ਮੀਤ ਪ੍ਰਧਾਨ ਰਾਜੇਸ਼ਵਰ ਬਰਲਾ ਨੇ ਕਿਹਾ ਕਿ 11 ਸੂਬਿਆਂ ਦੇ ਅਧਿਐਨ ’ਚ ਇਹ ਜਾਣਕਾਰੀ ਮਿਲੀ ਹੈ। ਤਾਮਿਲ ਨਾਡੂ ਅਤੇ ਮਹਾਰਾਸ਼ਟਰ ਵੱਲੋਂ ਲੌਕਡਾਊਨ ਲਗਾਏ ਜਾਣ ਕਾਰਨ ਟੌਲ ਕੁਲੈਕਸ਼ਨ ’ਤੇ ਮਾੜਾ ਅਸਰ ਪਿਆ ਹੈ। -ਪੀਟੀਆਈ