ਸ੍ਰੀਨਗਰ, 8 ਨਵੰਬਰ
ਦਹਿਸ਼ਤਗਰਦਾਂ ਨੇ ਸੋਮਵਾਰ ਨੂੰ ਬੋਹਰੀ ਕਦਾਲ ਇਲਾਕੇ ਵਿੱਚ ਇਕ ਨਾਗਰਿਕ ਨੂੰ ਗੋਲੀ ਮਾਰ ਦਿੱਤੀ। ਬੀਤੇ 24 ਘੰਟਿਆਂ ਵਿੱਚ ਇਹ ਦੂਜਾ ਦਹਿਸ਼ਤੀ ਹਮਲਾ ਹੈ। ਦਹਿਸ਼ਤਗਰਦਾਂ ਨੇ ਮੁਹੰਮਦ ਇ੍ਰਬਾਹਿਮ ਖ਼ਾਨ ਜੋ ਬਾਂਦੀਪੋਰਾ ਜ਼ਿਲ੍ਹੇ ਦੇ ਬੋਹਰੀ ਕਦਾਲ ਦਾ ਰਹਿਣ ਵਾਲਾ ਸੀ ਨੂੰ ਰਾਤ 8 ਵਜੇ ਦੇ ਕਰੀਬ ਗੋਲੀ ਮਾਰੀ। ਖਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਮਹਾਰਾਜਗੰਜ ਨੇੜੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਤਲਾਸ਼ ਆਰੰਭ ਦਿੱਤੀ ਹੈ। ਕਾਬਿਲੇਗੌਰ ਹੈ ਕਿ ਕੱਲ੍ਹ ਦਹਿਸ਼ਤਗਰਦਾਂ ਨੇ ਇਕ ਪੁਲੀਸ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨੈਸ਼ਨਨ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
ਲਸ਼ਕਰ ਦੇ ਦੋ ਦਹਿਸ਼ਤਗਰਦ ਕਾਬੂ
ਸੁਰੱਖਿਆ ਬਲਾਂ ਨੇ ਅੱਜ ਲਸ਼ਕਰ ਏ ਤਈਬਾ ਦੇ ਦੋ ਦਹਿਸ਼ਤਗਰਦਾਂ ਨੂੰ ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹਿਆਂ ਤੋਂ ਕਾਬੂ ਕੀਤਾ ਹੈ। ਪੁਲੀਸ ਤੇ ਸੁਰੱਖਿਆ ਬਲਾਂ ਦੀ ਟੀਮ ਨੇ ਇਨ੍ਹਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਅਨੰਤਨਾਗ ਜ਼ਿਲ੍ਹੇ ਦੇ ਅਸ਼ਮੁਕਾਮ ਇਲਾਕੇ ਦੇ ਵਹਾਦਾਨ ਪਿੰਡ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਦਹਿਸ਼ਤਗਰਦ ਦੀ ਪਛਾਣ ਹਾਫਿਜ਼ ਅਬਦੁੱਲਾ ਮਲਿਕ ਵਜੋਂ ਹੋਈ ਹੈ ਜੋ ਰਜਿਸਟੈਂਸ ਫਰੰਟ ਨਾਲ ਸਬੰਧਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਜਥੇਬੰਦੀ ਲਸ਼ਕਰ ਨਾਲ ਸਬੰਧਤ ਹੈ। ਪੁਲੀਸ ਨੇ ਮਲਿਕ ਕੋਲੋਂ ਇਕ ਪਿਸਤੌਲ, 7 ਕਾਰਤੂਸ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਇਕ ਏਕੇ ਰਾਈਫਲ, ਦੋ ਮੈਗਜ਼ੀਨਾਂ ਅਤੇ 40 ਰੌਂਦ ਬਰਾਮਦ ਕੀਤੇ ਹਨ। ਪੁਲਵਾਮਾ ਤੋਂ ਕਾਬੂ ਕੀਤੇ ਗਏ ਦੂਜੇ ਦਹਿਸ਼ਤਗਰਦ ਦੀ ਪਛਾਣ ਸਰਵੀਰ ਅਹਿਮਦ ਮੀਰ ਵਜੋਂ ਹੋਈ ਹੈ ਜੋ ਬੱਟੇਂ ਖੇਰੋ ਦਾ ਵਸਨੀਕ ਹੈ। ਇਸ ਦੇ ਨਾਲ ਹੀ ਪੁਲੀਸ ਨੇ ਬਾਰਾਮੂਲਾ ਜ਼ਿਲ੍ਹੇ ’ਚੋਂ ਦਹਿਸ਼ਤਗਰਦਾਂ ਦੇ ਤਿੰਨ ਸਹਿਯੋਗੀਆਂ ਨੂੰ ਵੀ ਕਾਬੂ ਕੀਤਾ ਹੈ। -ਏਜੰਸੀ