ਇੰਫਾਲ, 14 ਫਰਵਰੀ
ਮਣੀਪੁਰ ’ਚ ਰੋਜ਼ਾਨਾ ਅਖ਼ਬਾਰ ‘ਪੋਕਨਾਫ਼ਾਮ’ ਦੇ ਦਫ਼ਤਰ ’ਤੇ ਹਮਲੇ ਦੇ ਰੋਸ ਵਜੋਂ ਅੱਜ ਪੱਤਰਕਾਰਾਂ ਵੱਲੋਂ ਕੰਮ ਠੱਪ ਕੀਤੇ ਜਾਣ ਕਾਰਨ ਸੁੂਬੇ ’ਚ ਕੋਈ ਵੀ ਅਖ਼ਬਾਰ ਨਾ ਛਪਿਆ ਅਤੇ ਨਾ ਹੀ ਕਿਸੇ ਟੀ.ਵੀ. ’ਤੇ ਕੋਈ ਖ਼ਬਰ ਨਸ਼ਰ ਹੋਈ। ਪੱਤਰਕਾਰਾਂ ਨੇ ਦੱਸਿਆ ਕੰਮ ਰੋਕਣ ਦਾ ਇਹ ਫ਼ੈਸਲਾ ਆਲ ਮਣੀਪੁਰ ਵਰਕਿੰਗ ਜਨਰਲਿਸਟ ਯੂਨੀਅਨ (ਏਐੱਮਡਬਲਿਊਜੇਯੂ) ਅਤੇ ਐਡੀਟਰਜ਼ ਗਿਲਫ਼ ਆਫ਼ ਮਣੀਪੁਰ (ਈਜੀਐਮ) ਦੇ ਸੱਦੇ ’ਤੇ ਲਿਆ ਗਿਆ।ਪੁਲੀਸ ਨੇ ਦੱਸਿਆ ਕਿ ਜ਼ਿਲ੍ਹਾ ਇੰਫਾਲ ਦੇ ਕੇਸ਼ੀਆਪਤ ਥਈਅਮ ਲੇਈਕਾਈ ਵਿੱਚ ‘ਪੋਕਨਾਫ਼ਾਮ’ ਦੇ ਦਫ਼ਤਰ ’ਤੇ ਸ਼ਨਿਚਰਵਾਰ ਸ਼ਾਮ 6.30 ਵਜੇ ਇੱਕ ਹੱਥਗੋਲਾ ਸੁੱਟ ਦਿੱਤਾ ਗਿਆ ਸੀ। ਇਸ ਦੇ ਰੋਸ ਵਜੋਂ ਪੱਤਰਕਾਰਾਂ ਨੇ ਕੇਸ਼ੀਆਪਤ ਲੇਈਮਾਜਾਮ ਲੇਈਕਾਈ ’ਚ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤਕ ਧਰਨਾ ਦਿੱਤਾ। ਬਾਅਦ ਵਿੱਚ ਮੁੱਖ ਮੰਤਰੀ ਨੂੰ ਇੱਕ ਮੈਮੋਰੰਡਮ ਦੇ ਕੇ ਸੂਬੇ ਵਿੱਚ ਪ੍ਰੈੱਸ ਨੂੰ ਆਜ਼ਾਦੀ ਨਾਲ ਕੰਮ ਕਰਨਾ ਯਕੀਨੀ ਬਣਾਉਣ ਦੀ ਮੰਗ ਕੀਤੀ। ਹਮਲੇ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। -ਪੀਟੀਆਈ