ਨਵੀਂ ਦਿੱਲੀ, 24 ਮਾਰਚ
ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਚੁਣੀ ਹੋਈ ਸਰਕਾਰ ਦੇ ਮੁਕਾਬਲੇ ਉਪ ਰਾਜਪਾਲ ਨੂੰ ਵੱਧ ਸ਼ਕਤੀਆਂ ਦਿੰਦਾ ਬਿੱਲ ਅੱਜ ਰਾਜ ਸਭਾ ਵਿੱਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਬੀਜੇਡੀ, ਸਪਾ, ਕਾਂਗਰਸ ਅਤੇ ਵਾਈਐੱਸਆਰ ਕਾਂਗਰਸ ਨੇ ਸੰਸਦ ਵਿੱਚੋਂ ਵਾਕਆਊਟ ਕੀਤਾ। ਦਿੱਲੀ ਵਿੱਚ ‘ਸਰਕਾਰ’ ਦਾ ਮਤਲਬ ‘ਉਪ ਰਾਜਪਾਲ’ ਨੂੰ ਪਰਿਭਾਸ਼ਤ ਕਰਦੇ ਦਿੱਲੀ ਕੌਮੀ ਰਾਜਧਾਨੀ ਖੇਤਰੀ ਸਰਕਾਰ ਬਿੱਲ-2021 ਨੂੰ ਲੋਕ ਸਭਾ ਨੇ 22 ਮਾਰਚ ਨੂੰ ਪਾਸ ਕਰ ਦਿੱਤਾ ਸੀ। ਰਾਜ ਸਭਾ ਨੇ ਇਹ ਬਿੱਲ ਬੁੱਧਵਾਰ ਨੂੰ ਜ਼ੁਬਾਨੀ ਮੱਤ ਨਾਲ ਪਾਸ ਕੀਤਾ। ਇਸ ਦੇ ਪਾਸ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ। ਉਨ੍ਹਾਂ ਬਿੱਲ ਨੂੰ ‘ਗ਼ੈਰ-ਸੰਵਿਧਾਨਕ’ ਕਰਾਰ ਦਿੰਦਿਆਂ ਇਸ ਨੂੰ ਨਜ਼ਰਸਾਨੀ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਜੀਐੱਨਸੀਟੀਡੀ ਸੋਧ ਬਿੱਲ 2021 ਜ਼ਰੂਰਤ ਬਣ ਗਿਆ ਸੀ ਕਿਉਂਕਿ ਦਿੱਲੀ ਸਰਕਾਰ ਦੇ ਕੰਮਕਾਜ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਅਸਪਸ਼ਟਤਾ ਸੀ। ਰੈੱਡੀ ਨੇ ਕਿਹਾ ਕਿ ਦਿੱਲੀ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰਕੇ ਕੁਝ ਮੁੱਦਿਆਂ ਬਾਰੇ ਅਸਪਸ਼ਟਤਾ ਨੂੰ ਖ਼ਤਮ ਕਰਨ ਲਈ ਹੀ ਇਹ ਬਿੱਲ ਲਿਆਂਦਾ ਗਿਆ ਹੈ। ਯਕੀਨਨ ਇਸ ਨਾਲ ਤਕਨੀਕੀ ਖਾਮੀਆਂ ਜਾਂ ਗੁੰਝਲਾਂ ਦਾ ਭੋਗ ਪਏਗਾ ਤੇ ਪ੍ਰਸ਼ਾਸਨ ਦੀ ਸਮਰੱਥਾ ਵਧੇਗੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਜਮਹੂਰੀਅਤ ਲਈ ਨਿਰਾਸ਼ਾਜਨਕ ਹੈ।