ਪਟਨਾ, 11 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਵਿਚ ਇਕ ਬਹੁਤ ਹੀ ਦਿਲਚਸਪ ਮੁਕਾਬਲੇ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਐੱਨਡੀਏ ਨੇ 243 ਸੀਟਾਂ ਵਿਚੋਂ 125 ਸੀਟਾਂ ਜਿੱਤ ਕੇ ਬਹੁਮਤ ਦਾ ਜਾਦੂਈ ਅੰਕੜਾ ਪਾਰ ਕਰ ਲਿਆ, ਜਦੋਂ ਕਿ ਮਹਾਗਠਜੋੜ ਨੂੰ 110 ਸੀਟਾਂ ਮਿਲੀਆਂ। ਐੱਨਡੀਏ ਦੇ ਮੁੱਖ ਮੰਤਰੀ ਲਈ ਉਮੀਦਵਾਰ ਨਿਤੀਸ਼ ਕੁਮਾਰ ਹਨ ਤੇ ਭਾਜਪਾ ਨੇ ਚੋਣਾਂ ਦੌਰਾਨ ਸਪਸ਼ਟ ਕਰ ਦਿੱਤਾ ਸੀ ਕਿ ਚਾਹੇ ਜੇਡੀਯੂ ਦੀਆਂ ਸੀਟਾਂ ਘੱਟ ਆਉਣ ਮੁੱਖ ਮੰਤਰੀ ਨਿਤੀਸ਼ ਹੀ ਹੋਣਗੇ। ਚੋਣਾਂ ਵਿੱਚ ਆਰਜੇਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਤੇ ਭਾਜਪਾ ਦੂਜੇ ਨੰਬਰ ’ਤੇ ਰਹੀ। ਚੋਣਾਂ ਵਿੱਚ ਜੇਡੀਯੂ ਤੇ ਕਾਂਗਰਸ ਨੂੰ ਨੁਕਸਾਨ ਹੋਇਆ ਹੈ। ਚੋਣਾਂ ਵਿੱਚ ਭਾਜਪਾ 74, ਜੇਡੀ (ਯੂ) 43, ਹਮ 4, ਵੀਆਈਪੀ 4, ਮਹਾਗਠਜੋੜ ਵਿੱਚ ਆਰਜੇਡੀ 75, ਕਾਂਗਰਸ 19, ਸੀਪੀਆਈ-ਐੱਮਐੱਲ 12, ਸੀਪੀਆਈ 2, ਸੀਪੀਆਈਐੱਮ 2, ਏਆਈਐੱਮਆਈਐੱਮ 5, ਬਸਪਾ 1, ਐੱਲਜੇਪੀ 1 ਤੇ ਆਜ਼ਾਦ ਉਮੀਦਵਾਰ 1 ਸੀਟ ’ਤੇ ਜਿੱਤੇ।