ਲਖਨਊ, 20 ਸਤੰਬਰ
ਅਯੁੱਧਿਆ ’ਚ ਬਣਨ ਵਾਲੀ ਮਸਜਿਦ ਮੱਕਾ ’ਚ ਕਾਬਾ ਸ਼ਰੀਫ਼ ਵਾਂਗ ਚਕੋਰ ਹੋ ਸਕਦੀ ਹੈ। ਮਸਜਿਦ ਦਾ ਨਾਮ ਕਿਸੇ ਬਾਦਸ਼ਾਹ ਜਾਂ ਰਾਜੇ ਦੇ ਨਾਮ ’ਤੇ ਨਹੀਂ ਰੱਖਿਆ ਜਾਵੇਗਾ। ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੇ ਸਕੱਤਰ ਅਤੇ ਤਰਜਮਾਨ ਅਤਹਰ ਹੁਸੈਨ ਨੇ ਦੱਸਿਆ ਕਿ ਧੰਨੀਪੁਰ ਪਿੰਡ ’ਚ 15 ਹਜ਼ਾਰ ਸਕੁਏਅਰ ਫੁੱਟ ’ਚ ਮਸਜਿਦ ਬਣਾਈ ਜਾਵੇਗੀ ਅਤੇ ਇਹ ਬਾਬਰੀ ਮਸਜਿਦ ਦੇ ਸਾਈਜ਼ ਜਿੰਨੀ ਹੀ ਹੋਵੇਗੀ। ਊਨ੍ਹਾਂ ਕਿਹਾ ਕਿ ਮਸਜਿਦ ਦੀ ਸ਼ਕਲ ਹੋਰ ਮਸਜਿਦਾਂ ਨਾਲੋਂ ਪੂਰੀ ਤਰ੍ਹਾਂ ਨਾਲ ਵੱਖ ਹੋਵੇਗੀ ਅਤੇ ਇਹ ਆਰਕੀਟੈਕਟ ਐੱਸ ਐੱਮ ਅਖ਼ਤਰ ਦੇ ਸੁਝਾਅ ਮੁਤਾਬਕ ਮੱਕਾ ’ਚ ਕਾਬਾ ਸ਼ਰੀਫ਼ ਵਰਗੀ ਹੋ ਸਕਦੀ ਹੈ।
ਊਨ੍ਹਾਂ ਕਿਹਾ ਕਿ ਆਰਕੀਟੈਕਟ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ। ਹੁਸੈਨ ਨੇ ਕਿਹਾ ਕਿ ਮਸਜਿਦ ਦਾ ਨਾਮ ਬਾਬਰੀ ਮਸਜਿਦ ਨਹੀਂ ਰੱਖਿਆ ਜਾਵੇਗਾ। ਊਨ੍ਹਾਂ ਕਿਹਾ ਕਿ ਇਸ ਨੂੰ ਧੰਨੀਪੁਰ ਮਸਜਿਦ ਵਜੋਂ ਸੱਦਿਆ ਜਾ ਸਕਦਾ ਹੈ। ਊਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਆਪਣਾ ਪੋਰਟਲ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕ ਮਸਜਿਦ ਅਤੇ ਅਜਾਇਬਘਰ, ਹਸਪਤਾਲ ਅਤੇ ਖੋਜ ਕੇਂਦਰ ਲਈ ਦਾਨ ਦੇ ਸਕਣ। ਪੋਰਟਲ ’ਤੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਇਸਲਾਮਿਕ ਦਾਰਸ਼ਨਿਕਾਂ ਦੇ ਲੇਖ ਵੀ ਮਿਲਣਗੇ।
ਜ਼ਿਕਰਯੋਗ ਹੈ ਕਿ ਊੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਪੰਜ ਏਕੜ ਜ਼ਮੀਨ ’ਤੇ ਮਸਜਿਦ ਦੀ ਊਸਾਰੀ ਲਈ ਆਈਆਈਸੀਐੱਫ ਟਰੱਸਟ ਬਣਾਇਆ ਸੀ। -ਪੀਟੀਆਈ