ਦੇਹਰਾਦੂਨ, 5 ਜੁਲਾਈ
ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਆਸਾਂ ’ਤੇ ਪੂਰੇ ਉਤਰਨ ਲਈ ਅੱਜ ਛੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ।
ਇਨ੍ਹਾਂ ਪ੍ਰਸਤਾਵਾਂ ਵਿਚ ਲੋਕਾਂ ਨੂੰ ਇਕ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ, ਸੂਚਨਾ ਤਕਨਾਲੋਜੀ ਰਾਹੀਂ ਪਾਰਦਰਸ਼ੀ, ਸੰਵੇਦਨਸ਼ੀਲ ਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਕੋਵਿਡ-19 ਮਹਾਮਾਰੀ ਦੀ ਪ੍ਰਭਾਵੀ ਰੋਕਥਾਮ ਲਈ ਸਿਹਤ ਸਹੂਲਤਾਂ ਵਿਚ ਵਾਧਾ ਕਰਨਾ ਸ਼ਾਮਲ ਹੈ। ਇਹ ਜਾਣਕਾਰੀ ਅੱਜ ਕੈਬਨਿਟ ਮੰਤਰੀ ਸੁਬੋਧ ਉਨੀਆਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ।
ਸ੍ਰੀ ਧਾਮੀ ਵੱਲੋਂ ਐਤਵਾਰ ਨੂੰ 11 ਮੰਤਰੀਆਂ ਦੀ ਇਕ ਟੀਮ ਸਣੇ ਸਹੁੰ ਚੁੱਕੇ ਜਾਣ ਤੋਂ ਕੁਝ ਹੀ ਘੰਟੇ ਬਾਅਦ ਇਹ ਕੈਬਨਿਟ ਮੀਟਿੰਗ ਹੋਈ ਸੀ ਜੋ ਕਿ ਦੇਰ ਰਾਤ ਤੱਕ ਚੱਲੀ, ਇਸ ਕਰ ਕੇ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਮੀਡੀਆ ਨੂੰ ਅੱਜ ਦਿੱਤੀ ਗਈ।
ਸ੍ਰੀ ਉਨੀਆਲ ਨੇ ਕਿਹਾ ਕਿ ਮੀਟਿੰਗ ਵਿਚ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਹੋਰ ਪ੍ਰਸਤਾਵਾਂ ਵਿਚ ਨੌਕਰੀਆਂ ਦੇਣ ਤੇ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਦਲਿਤਾਂ ਤੇ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਗੈਸਟ ਟੀਚਰਾਂ ਦੀ ਤਨਖ਼ਾਹ 15,000 ਤੋਂ ਵਧਾ ਕੇ 25,000 ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿਚ ਤਾਇਨਾਤ ਕਰਨ ਦੇ ਫੈਸਲੇ ਵੀ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੋਰ ਅਹਿਮ ਫ਼ੈਸਲਿਆਂ ਵਿਚ ਪੋਲੀਟੈਕਨਿਕ ਸੰਸਥਾਵਾਂ ਦੇ ਕਰੀਬ 200 ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖਣਾ, ਮਨਰੇਗਾ ਕਾਮਿਆਂ ਨੂੰ ਹੜਤਾਲੀ ਸਮੇਂ ਦੀ ਤਨਖ਼ਾਹ ਦੀ ਅਦਾਇਗੀ ਕਰਨਾ ਅਤੇ ਵੱਖ-ਵੱਖ ਵਿਭਾਗਾਂ ਵਿਚ ਕਰੀਬ 22,000 ਆਸਾਮੀਆਂ ਭਰਨਾ ਸ਼ਾਮਲ ਹੈ। ਮੀਟਿੰਗ ਵਿਚ ਜ਼ਿਲ੍ਹਾ ਰੁਜ਼ਗਾਰ ਦਫ਼ਤਰਾਂ ਨੂੰ ਮੁੜ ਤੋਂ ਕਾਰਜਸ਼ੀਲ ਕਰਨ ਦਾ ਫ਼ੈਸਲਾ ਵੀ ਲਿਆ ਗਿਆ।
ਇਸ ਦੌਰਾਨ ਪੁਲੀਸ ਵਿਭਾਗ ਦੇ ਤਨਖ਼ਾਹ ਸਬੰਧੀ ਮਾਮਲਿਆਂ ਦੇ ਹੱਲ ਲਈ ਸ੍ਰੀ ਉਨੀਆਲ ਦੀ ਅਗਵਾਈ ਹੇਠ ਇਕ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ। ਇਸੇ ਦੌਰਾਨ ਅੱਜ ਮੁੱਖ ਮੰਤਰੀ ਨੇ ਬੀਜਾਪੁਰ ਗੈਸਟ ਹਾਊਸ ਵਿਚ ਸੀਨੀਅਰ ਅਧਿਕਾਰੀਆਂ ਨਾਲ ਇਕ ਵੱਖਰੀ ਮੀਟਿੰਗ ਕੀਤੀ ਇਸ ਦੌਰਾਨ ਮੁੱਖ ਮੰਤਰੀ ਨੇ ਮਸੂਰੀ ਹਲਕੇ ਲਈ ਕੋਵਿਡ ਰਾਹਤ ਸਮੱਗਰੀ ਲੈ ਕੇ ਜਾ ਰਹੇ 10 ਵਾਹਨਾਂ ਨੂੰ ਝੰਡੀ ਦਿਖਾਈ। -ਪੀਟੀਆਈ