ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੁਲਾਈ
ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੀਆਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ਗਈ ‘ਪੀਪਲਜ਼ ਵ੍ਹਿਪ’ ਦਾ ਸਪਸ਼ਟ ਅਸਰ ਦਿਖਾਈ ਦਿੱਤਾ ਤੇ ਅੱਜ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਨੂੰ ਕਿਸਾਨ ਅੰਦੋਲਨ ਦੀ ਆਵਾਜ਼ ਸੰਸਦ ਵਿੱਚ ਉਠਾਉਣੀ ਪਈ। ਕਈ ਪਾਰਟੀਆਂ ਦੇ ਨੁਮਾਇੰਦਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਲਾਏ। ਮੋਰਚੇ ਨੇ ਚਿਤਾਵਨੀ ਦਿੱਤੀ ਸੀ ਕਿ ਵ੍ਹਿਪ ਮੁਤਾਬਕ ਆਵਾਜ਼ ਨਾ ਉਠਾਈ ਤਾਂ ਭਾਜਪਾ ਵਾਂਗ ਵਿਰੋਧੀ ਧਿਰਾਂ ਦਾ ਵੀ ਜਨਤਕ ਬਾਈਕਾਟ ਕੀਤਾ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ‘ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ’ ਦੇ ਨਾਅਰੇ ਲਾ ਕੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸੈਸ਼ਨ ਤੋਂ ਪਹਿਲਾਂ ਵਿਰੋਧੀ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕੀਤੀ ਸੀ ਤੇ ਮੋਰਚੇ ਦੇ ਆਗੂ ਨੁਮਾਇੰਦਿਆਂ ਨੂੰ ਨਿਜੀ ਤੌਰ ’ਤੇ ਵੀ ਮਿਲੇ ਸਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਖੋਖਲੇ ਹਨ ਤੇ ਕਿਸਾਨਾਂ ਦੇ ਨਾਅਰੇ ਸੰਸਦ ’ਚ ਪਹੁੰਚ ਗਏ ਹਨ।’ ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਅਤੇ ਸੋਧੇ ਹੋਏ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
‘ਭਾਰਤੀ ਸੰਸਦ ਦੇ ਘਿਰਾਓ’ ਦੀ ਮੰਗ ਕਰਦੇ ਪੋਸਟਰ ਪਾਉਣ ਦੀ ਨਿਖੇਧੀ
ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਸੰਸਦ ਦੀ ਘੇਰਾਬੰਦੀ ਦੀ ਮੰਗ ਸਬੰਧੀ ਸ਼ੋਸ਼ਲ-ਮੀਡੀਆ ’ਤੇ ਪੋਸਟਰ ਪਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਅਜਿਹੇ ਸੱਦਿਆਂ ਜਾਂ ਕਿਸੇ ਅਜਿਹੀ ਸੰਸਥਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪੋਸਟਰ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਭਟਕਾਉਣ ਤੋਂ ਗੁਰੇਜ਼ ਕਰਨ।