ਨਵੀਂ ਦਿੱਲੀ, 24 ਮਈ
ਕੇਂਦਰ ਸਰਕਾਰ ਨੇ ਅੱਜ ਕੇਰਲਾ ਹਾਈ ਕੋਰਟ ਨੂੰ ਦੱਸਿਆ ਕਿ ਭਾਰਤ ’ਚ ਹਰ ਮਹੀਨੇ ਕਰੋਨਾ ਵੈਕਸੀਨ ਦੀਆਂ 8.5 ਕਰੋੜ ਖੁਰਾਕਾਂ ਦਾ ਉਤਪਾਦਨ ਹੋ ਰਿਹਾ ਹੈ ਅਤੇ ਰੋਜ਼ਾਨਾ 12 ਤੋਂ 13 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਾਹਮਣੇ ਆਉਣ ਮਗਰੋਂ ਕੇਂਦਰ ਸਰਕਾਰ ਦੀ ਵਿਰੋਧੀ ਧਿਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।
ਐਨਡੀਟੀਵੀ ਦੇ ਹਵਾਲੇ ਨਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਹਾਈ ਕੋਰਟ ’ਚ ਪੇਸ਼ ਕੀਤੇ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਦੇਸ਼ ’ਚ ਰੋਜ਼ਾਨਾ 28.33 ਲੱਖ ਕਰੋਨਾ ਰੋਕੂ ਟੀਕਿਆਂ ਦਾ ਉਤਪਾਦਨ ਹੋ ਰਿਹਾ ਹੈ ਜਦਕਿ ਇਸ ’ਚੋਂ ਸਿਰਫ਼ 57 ਫੀਸਦ ਟੀਕੇ ਹੀ ਲੋਕਾਂ ਤੱਕ ਪਹੁੰਚ ਰਹੇ ਹਨ। ਦਿੱਲੀ ਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਕਰੋਨਾ ਰੋਕੂ ਟੀਕਿਆਂ ਦੀ ਘਾਟ ਕਾਰਨ ਟੀਕਾਕਰਨ ਕੇਂਦਰ ਬੰਦ ਕਰਨੇ ਪੈ ਰਹੇ ਹਨ ਅਤੇ ਕਈ ਸੂਬੇ ਪ੍ਰੇਸ਼ਾਨ ਹੋ ਕੇ ਵਿਦੇਸ਼ਾਂ ਤੋਂ ਟੀਕੇ ਮੰਗਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇਰਲਾ ਹਾਈ ਕੋਰਟ ਨੇ ਕਰੋਨਾ ਕਾਰਨ ਬਣੇ ਹਾਲਾਤ ਦਾ ਖੁਦ ਹੀ ਨੋਟਿਸ ਲੈਣ ਮਗਰੋਂ 20 ਮਈ ਨੂੰ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਨੂੰ ਰਾਜ ’ਚ ਟੀਕਾਕਰਨ ਮੁਕੰਮਲ ਕੀਤੇ ਜਾਣ ਦੀ ਸਮਾਂ ਸੀਮਾ ਬਾਰੇ ਪੁੱਛਿਆ ਸੀ।
ਕੇਂਦਰ ਨੇ ਅਦਾਲਤ ’ਚ ਦਾਇਰ ਹਲਫ਼ਨਾਮੇ ’ਚ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾ ਰੋਕੂ ਟੀਕੇ ਦੀ ਵੰਡ ਦਾ ਕੋਈ ਨਿਰਧਾਰਤ ਟੀਚਾ ਨਹੀਂ ਹੈ। ਕੇਂਦਰ ਨੇ ਕਿਹਾ ਇਸ ਸਮੇਂ ਸੀਰਮ ਇੰਸਟੀਚਿਊਟ ਹਰ ਮਹੀਨੇ 6.5 ਕਰੋੜ ਜਦਕਿ ਭਾਰਤ ਬਾਇਓਟੈੱਕ 2 ਕਰੋੜ ਟੀਕਿਆਂ ਦਾ ਉਤਪਾਦਨ ਕਰ ਰਹੀ ਹੈ। ਕੇਂਦਰ ਨੇ ਆਉਂਦੇ ਜੁਲਾਈ ਮਹੀਨੇ ਤੱਕ ਟੀਕਿਆਂ ਦੀ ਸਪਲਾਈ ਦੀ ਪ੍ਰਕਿਰਿਆ ਸੁਧਰਨ ਦੀ ਉਮੀਦ ਪ੍ਰਗਟਾਈ। -ਪੀਟੀਆਈ