ਨਵੀਂ ਦਿੱਲੀ, 8 ਜੁਲਾਈ
ਸੀਬੀਆਈ ਨੇ ਸਟਾਕ ਮਾਰਕੀਟ ਮੁਲਾਜ਼ਮਾਂ ਦੇ ਕਥਿਤ ਗੈਰਕਾਨੂੰਨੀ ਢੰਗ ਨਾਲ ਫੋਨ ਟੈਪ ਕਰਨ ਦੇ ਦੋਸ਼ ਵਿੱਚ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਸੰਜੈ ਪਾਂਡੇ ਤੇ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਐੱਮਡੀ ਤੇ ਸੀਈਓ ਚਿੱਤਰਾ ਰਾਮਕ੍ਰਿਸ਼ਨਾ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਫੋਨ ਪਾਂਡੇ ਦੀ ਆਈਟੀ ਕੰਪਨੀ ਵੱਲੋਂ ਟੈਪ ਕੀਤੇ ਗਏ ਸਨ। ਸੀਬੀਆਈ ਨੇ ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ’ਤੇ ਕੀਤੀ ਹੈ। ਪਾਂਡੇ ਤੇ ਰਾਮਕ੍ਰਿਸ਼ਨਾ, ਜੋ ਐੱਨਐੈੱਸਈ ਕੋ-ਲੋਕੇਸ਼ਨ ਘੁਟਾਲਾ ਕੇਸ ਤਹਿਤ ਨਿਆਂਇਕ ਹਿਰਾਸਤ ਵਿੱਚ ਹਨ, ਤੋਂ ਇਲਾਵਾ ਸੀਬੀਆਈ ਨੇ ਐੱਨਐੱਸਈ ਦੇ ਸਾਬਕਾ ਸੀਈਓ ਤੇ ਐੱਮਡੀ ਰਵੀ ਨਰਾਇਣ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਪਾਂਡੇ ਖਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਦਿੱਲੀ-ਐੱਨਸੀਆਰ, ਮੁੰਬਈ, ਪੁਣੇ, ਕੋਟਾ, ਲਖਨਊ, ਚੰਡੀਗੜ੍ਹ ਤੇ ਹੋਰਨਾਂ ਸ਼ਹਿਰਾਂ ਵਿੱਚ 20 ਟਿਕਾਣਿਆਂ ’ਤੇ ਛਾਪੇ ਵੀ ਮਾਰੇ ਹਨ। -ਪੀਟੀਆਈ