ਨਵੀਂ ਦਿੱਲੀ, 16 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਸ਼ਹਿਰ ਵਿਚ ਕਈ ਇਲਾਕਿਆਂ ’ਚ ਚਲਾਈ ਜਾ ਰਹੀ ਨਾਜਾਇਜ਼ ਕਬਜ਼ਿਆਂ ਵਿਰੋਧੀ ਮੁਹਿੰਮ ਨਾਲ 63 ਲੱਖ ਲੋਕ ਬੇਘਰ ਹੋ ਜਾਣਗੇ ਤੇ ਇਹ ਆਜ਼ਾਦ ਭਾਰਤ ਦੀ ‘ਸਭ ਤੋਂ ਵੱਡੀ ਤਬਾਹੀ’ ਹੋਵੇਗੀ। ਕੇਜਰੀਵਾਲ ਨੇ ਭਾਜਪਾ ਸ਼ਾਸਿਤ ਨਗਰ ਨਿਗਮਾਂ ਦੇ ਕਾਰਜਕਾਲ ਦੇ ਬਿਲਕੁਲ ਅੰਤ ਵਿਚ ਐਨੇ ਵੱਡੇ ਪੱਧਰ ਉਤੇ ਮੁਹਿੰਮ ਸ਼ੁਰੂ ਕਰਨ ’ਤੇ ਉਨ੍ਹਾਂ ਦੀ ਨੈਤਿਕਤਾ, ਸੰਵਿਧਾਨਕਤਾ ਤੇ ਕਾਨੂੰਨੀ ਅਧਿਕਾਰ ਉਤੇ ਸਵਾਲ ਉਠਾਏ। ਉਨ੍ਹਾਂ ਭਾਜਪਾ ’ਤੇ ‘ਗੁੰਡਾਗਰਦੀ’ ਕਰਨ ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦਾ ਵਿਕਾਸ ਯੋਜਨਾਬੱਧ ਸ਼ਹਿਰ ਦੇ ਤੌਰ ’ਤੇ ਨਹੀਂ ਹੋਇਆ ਹੈ। ਦਿੱਲੀ ਦੇ 80 ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸੇ ਨੂੰ ਗੈਰਕਾਨੂੰਨੀ ਤੇ ਕਬਜ਼ੇ ਹੇਠ ਕਿਹਾ ਜਾ ਸਕਦਾ ਹੈ। ਕੇਜਰੀਵਾਲ ਨੇ ‘ਆਪ’ ਦੇ ਵਿਧਾਇਕਾਂ ਨਾਲ ਇਸ ਮੁੱਦੇ ਉਤੇ ਬੈਠਕ ਤੋਂ ਬਾਅਦ ਮੀਡੀਆ ਨੂੰ ਆਨਲਾਈਨ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨਿਗਮ ਦੀਆਂ ਟਾਲ ਦਿੱਤੀਆਂ ਗਈਆਂ ਚੋਣਾਂ ਨੂੰ ਤੁਰੰਤ ਕਰਾਇਆ ਜਾਵੇ ਤਾਂ ਕਿ ਚੋਣਾਂ ਤੋਂ ਬਾਅਦ ਗਠਿਤ ਹੋਣ ਵਾਲਾ ਨਵਾਂ ਨਿਗਮ ਮਾਮਲੇ ਉਤੇ ਫ਼ੈਸਲਾ ਲੈ ਸਕੇ। ‘ਆਪ’ ਦੇ ਕੌਮੀ ਕਨਵੀਨਰ ਨੇ ਭਾਜਪਾ ’ਤੇ ਹੱਲਾ ਬੋਲਦਿਆਂ ਕਿਹਾ, ‘ਤੁਸੀਂ 63 ਲੱਖ ਲੋਕਾਂ ਨੂੰ ਬੇਘਰ ਕਰ ਦਿਓਗੇ ਤੇ ਉਨ੍ਹਾਂ ਦੇ ਦੁਕਾਨਾਂ ਤੇ ਘਰਾਂ ਨੂੰ ਬੁਲਡੋਜ਼ਰ ਨਾਲ ਤੋੜ ਕੇ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਖ਼ਰਾਬ ਕਰ ਦਿਓਗੇ। ਇਹ ਬਹੁਤ ਵੱਡੀ ਤਬਾਹੀ ਹੋਵੇਗੀ ਤੇ ਕੋਈ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਨਿਗਮ ਚੋਣਾਂ ਵਿਚ ‘ਆਪ’ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ, ‘ਮੈਂ ਵਿਧਾਇਕਾਂ ਨਾਲ ਬੈਠਕ ਕੀਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਲੋਕਾਂ ਨਾਲ ਖੜ੍ਹਨਾ ਪਵੇਗਾ। ਜੇਲ੍ਹ ਜਾਣ ਤੋਂ ਵੀ ਉਹ ਘਬਰਾਉਣ ਨਾ।’ ਕੇਜਰੀਵਾਲ ਨੇ ਕਿਹਾ ਕਿ ‘ਆਪ’ ਨਾਜਾਇਜ਼ ਕਬਜ਼ਿਆਂ ਦੇ ਪੱਖ ਵਿਚ ਨਹੀਂ ਹੈ ਪਰ ਜਿਸ ਢੰਗ ਨਾਲ ਕਾਰਵਾਈ ਹੋ ਰਹੀ ਹੈ, ਉਹ ਗਲਤ ਹੈ। -ਪੀਟੀਆਈ
ਕਸ਼ਮੀਰੀ ਪੰਡਿਤਾਂ ’ਤੇ ਲਾਠੀਚਾਰਜ ਦੀ ਨਿਖੇਧੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਰੋਸ ਪ੍ਰਦਰਸ਼ਨ ’ਤੇ ਲਾਠੀਚਾਰਜ ਕਰਨਾ ਤੇ ਅੱਥਰੂ ਗੈਸ ਦੀ ਵਰਤੋਂ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਦੇਣ ਦਾ ਹੈ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਕੇਜਰੀਵਾਲ ਨੇ ਮੰਗ ਕੀਤੀ ਕਿ ਤਾਕਤ ਵਰਤਣ ਵਾਲੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਕ ਕਸ਼ਮੀਰੀ ਪੰਡਿਤ ਦੀ ਹੱਤਿਆ ਖ਼ਿਲਾਫ਼ ਰੋਸ ਪ੍ਰਗਟ ਕਰਨ ਵਾਲਿਆਂ ’ਤੇ ਲਾਠੀਚਾਰਜ ਹੋਇਆ ਸੀ।