ਨਵੀਂ ਦਿੱਲੀ, 28 ਜੁਲਾਈ
ਸੀਬੀਆਈ ਨੇ ਅੱਜ ਪੱਛਮੀ ਬੰਗਾਲ ਵਿੱਚ ਈਸਟਰਨ ਕੋਲਫੀਲਡਜ਼ ਲਿਮਟਿਡ (ਈਸੀਐੱਲ) ਵਿੱਚ ਗੈਰਕਾਨੂੰਨੀ ਮਾਈਨਿੰਗ ਦੇ ਸਬੰਧ ਵਿੱਚ 15 ਟਿਕਾਣਿਆਂ ’ਤੇ ਛਾਪੇ ਮਾਰੇ। ਸੀਬੀਆਈ ਦੇ ਬੁਲਾਰੇ ਜੋਸ਼ੀ ਨੇ ਕਿਹਾ,‘ਇਸ ਦੌਰਾਨ ਈਸੀਐੱਲ ਦੇ ਤਤਕਾਲੀ ਅਧਿਕਾਰੀਆਂ (ਦੋ ਜਨਰਲ ਮੈਨੇਜਰ ਸਮੇਤ) ਜਿਨ੍ਹਾਂ ਵਿੱਚ ਇੱਕ ਮੌਜੂਦਾ ਤੇ ਇੱਕ ਸੇਵਾਮੁਕਤ ਮੈਨੇਜਰ ਸ਼ਾਮਲ ਹਨ, ਇੰਸਪੈਕਟਰ (ਸਕਿਉਰਿਟੀ) ਤੇ ਕੋਲਾ ਖਾਨ ਦੇ ਏਜੰਟ ਆਦਿ ਦੇ ਘਰਾਂ ’ਤੇ ਛਾਪੇ ਮਾਰੇ ਗਏ।’ ਉਨ੍ਹਾਂ ਦੱਸਿਆ ਕਿ ਮੌਜੂਦਾ ਜਨਰਲ ਮੈਨੇਜਰ ਦੇ ਘਰ ਤੋਂ ਲਗਪਗ 20 ਲੱਖ ਰੁਪਏ ਨਗਦ, ਗਹਿਣੇ ਤੇ ਜਾਇਦਾਦ ਸਬੰਧੀ ਕਾਗ਼ਜ਼ਾਤ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਜਾਇਦਾਦ ਸਬੰਧੀ ਕਾਗ਼ਜ਼ਾਤ, ਲਾਕਰ ਦੀਆਂ ਚਾਬੀਆਂ ਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ 27 ਨਵੰਬਰ 2020 ਨੂੰ ਸੀਬੀਆਈ ਨੇ ਲੀਜ਼ਹੋਲਡ ਖੇਤਰਾਂ ਵਿੱਚ ਗੈਰਕਾਨੂੰਨੀ ਮਾਈਨਿੰਗ ਤੇ ਕੋਲੇ ਦੀ ਚੋਰੀ ਦੇ ਦੋਸ਼ ਹੇਠ ਛੇ ਮੁਲਜ਼ਮਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਦੋਸ਼ ਵੀ ਲੱਗਿਆ ਸੀ ਕਿ ਇਹ ਘੁਟਾਲਾ ਕਰੋੜਾਂ ਰੁਪਏ ’ਚ ਹੋਇਆ ਹੈ। ਉਨ੍ਹਾਂ ਦੱਸਿਆ,‘ਇਸ ਤੋਂ ਪਹਿਲਾਂ ਵੱਖੋ-ਵੱਖਰੇ ਸੂਬਿਆਂ ਵਿੱਚ ਸੌ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ ਸਨ। -ਪੀਟੀਆਈ