ਅਰਰਿਆ, 19 ਜੁਲਾਈ
‘ਡਰਾਈ’ ਬਿਹਾਰ ਦੇ ਅਰੱਰੀਆ ਜ਼ਿਲ੍ਹੇ ਵਿਚੋਂ ਕਰੀਬ 70 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਐਕਸਾਈਜ਼ ਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਵਿਚ ਸੱਤ ਜਣਿਆਂ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਖ਼ੁਫੀਆ ਜਾਣਕਾਰੀ ਮਿਲਣ ’ਤੇ ਪੁਲੀਸ ਤੇ ਐਕਸਾਈਜ਼ ਦੇ ਮੁਲਾਜ਼ਮਾਂ ਨੇ ਸ਼ਹਿਰੀ ਪੁਲੀਸ ਥਾਣੇ ’ਚ ਪੈਂਦੇ ਟੋਲ ਪਲਾਜ਼ਾ ’ਤੇ ਸ਼ਨਿਚਰਵਾਰ ਰਾਤ ਦੋ ਟਰੱਕਾਂ ਨੂੰ ਰੋਕਿਆ ਤੇ 648 ਪੇਟੀਆਂ ਸ਼ਰਾਬ ਬਰਾਮਦ ਕੀਤੀ। ਦੋ ਟਰੱਕ ਚਾਲਕਾਂ ਤੇ ਇਕ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸੇ ਕੇਸ ਨਾਲ ਜੁੜੇ ਚਾਰ ਵਿਅਕਤੀ ਜੋ ਮਗਰੋਂ ਘਟਨਾ ਸਥਾਨ ’ਤੇ ਐੱਸਯੂਵੀ ਵਿਚ ਪੁੱਜੇ ਸਨ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਰਾਬ ਪੱਛਮੀ ਬੰਗਾਲ ਤੋਂ ਅਰੱਰੀਆ ਰਾਹੀਂ ਮੁਜ਼ੱਫ਼ਰਪੁਰ ਲਿਜਾਈ ਜਾਣੀ ਸੀ। -ਪੀਟੀਆਈ