ਲਖਨਊ, 6 ਮਾਰਚ
ਮਊ ਤੋਂ ਵਿਧਾਇਕ ਮੁਖਤਾਰ ਅਨਸਾਰੀ ਦੇ ਨੇੜਲੇ ਸਾਥੀ ਮੰਨੇ ਜਾਂਦੇ ਸ਼ਾਹਿਦ ਵੱਲੋਂ ਉਸਾਰੇ ਗਏ ਗੈਰਕਾਨੂੰਨੀ ਢਾਂਚੇ ਨੂੰ ਯੋਗੀ ਆਦਿੱਤਿਆਨਾਥ ਸਰਕਾਰ ਨੇ ਅੱਜ ਢਾਹ ਦਿੱਤਾ। ਲਖਨਊ ਡਿਵੈਲਪਮੈਂਟ ਅਥਾਰਿਟੀ ਦੀ ਟੀਮ ਨੇ ਹਜ਼ਰਤਗੰਜ ’ਚ ਸਾਹੂ ਸਿਨੇਮਾ ਕੋਲ ਬਣੇ ਰਾਣੀ ਸਲਤਨਤ ਪਲਾਜ਼ਾ ਦੀ ਚੌਥੀ ਮੰਜ਼ਿਲ ’ਤੇ ਬਣੀਆਂ ਦੁਕਾਨਾਂ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਢਾਹ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਮੌਜੂਦ ਸਨ। ਅਥਾਰਿਟੀ ਨੇ ਮਹੀਨਾ ਕੁ ਪਹਿਲਾਂ ਗ਼ੈਰਕਾਨੂੰਨੀ ਪਲਾਜ਼ਾ ਢਾਹੁਣ ਦਾ ਨੋਟਿਸ ਜਾਰੀ ਕੀਤਾ ਸੀ। ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਅਥਾਰਿਟੀ ਦੇ ਉਪ ਚੇਅਰਮੈਨ ਅਭਿਸ਼ੇਕ ਪ੍ਰਕਾਸ਼ ਨੇ ਕਿਹਾ ਕਿ ਮੁਖਤਾਰ ਅਨਸਾਰੀ ਦਾ ਇਸ ਮਾਮਲੇ ’ਚ ਸਿੱਧੇ ਤੌਰ ’ਤੇ ਕੋਈ ਸਬੰਧ ਨਹੀਂ ਹੈ ਪਰ ਇਹ ਇਮਾਰਤ ਉਸ ਦੇ ਇਕ ਨੇੜਲੇ ਸਾਥੀ ਦੀ ਹੈ। ਗੈਰਕਾਨੂੰਨੀ ਉਸਾਰੀ ਢਾਹੁਣ ਲਈ ਪੰਜ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ। ਜ਼ਿਲ੍ਹਾ ਮੈਜਿਸਟਰੇਟ ਦੇ ਨਿਰਦੇਸ਼ਾਂ ’ਤੇ ਪਲਾਜ਼ਾ ਦੀ ਚੌਥੀ ਮੰਜ਼ਿਲ ’ਤੇ ਬਣੀਆਂ 10 ਗ਼ੈਰਕਾਨੂੰਨੀ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਇੰਜਨੀਅਰਾਂ ਦਾ ਮੰਨਣਾ ਹੈ ਕਿ ਚੌਥੀ ਮੰਜ਼ਿਲ ਨਕਸ਼ੇ ਦੇ ਉਲਟ ਬਣਾਈ ਗਈ ਸੀ। ਇਸ ਤੋਂ ਪਹਿਲਾਂ ਮਾਲਕ ਨੂੰ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਸ ਨੇ ਗੈਰਕਾਨੂੰਨੀ ਉਸਾਰੀ ਹਟਾਉਣ ਲਈ ਕੋਈ ਕਦਮ ਨਹੀਂ ਉਠਾਇਆ। ਇਸ ਮਗਰੋਂ ਲਖਨਊ ਡਿਵੈਲਪਮੈਂਟ ਅਥਾਰਿਟੀ ਨੇ ਦੁਕਾਨਾਂ ਢਾਹੁਣ ਦਾ ਫ਼ੈਸਲਾ ਲਿਆ। -ਆਈਏਐਨਐਸ