ਮੁੰਬਈ, 12 ਜੂਨ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇਕਰ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਕੰਟਰੋਲ ਉਨ੍ਹਾਂ ਦੀ ਪਾਰਟੀ ਦੇ ਹੱਥ ਦੇ ਦਿੱਤਾ ਜਾਵੇ ਤਾਂ ਭਾਜਪਾ ਆਗੂ ਦੇਵੇਂਦਰ ਫੜਨਵੀਸ ਵੀ ਸ਼ਿਵ ਸੈਨਾ ਨੂੰ ਵੋਟ ਪਾਉਣਗੇ। ਮਹਾਰਾਸ਼ਟਰ ਦੀਆਂ ਰਾਜ ਸਭਾ ਸੀਟਾਂ ਦੀਆਂ ਹੋਈਆਂ ਚੋਣਾਂ ’ਚ ਸ਼ਿਵ ਸੈਨਾ ਦੇ ਉਮੀਦਵਾਰ ਸੰਜੈ ਪਵਾਰ ਦੀ ਹੋਈ ਹਾਰ ਮਗਰੋਂ ਸੰਜੈ ਰਾਊਤ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ। ਇਸ ਸੀਟ ਤੋਂ ਭਾਜਪਾ ਉਮੀਦਵਾਰ ਧਨੰਜੈ ਮਹਾਦਿਕ ਨੇ ਚੋਣ ਜਿੱਤੀ ਹੈ ਅਤੇ ਇਸ ਦਾ ਜਿੱਤ ਦਾ ਸਿਹਰਾ ਫੜਨਵੀਸ ਨੂੰ ਦਿੱਤਾ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਰਾਊਤ ਨੇ ਦੋਸ਼ ਲਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਕੇਂਦਰੀ ਏਜੰਸੀਆਂ ਰਾਹੀਂ ਆਜ਼ਾਦ ਤੇ ਹੋਰ ਛੋਟੀਆਂ ਪਾਰਟੀਆਂ ਦੇ ਆਗੂਆਂ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਭਾਜਪਾ ਦੇ ਹੱਕ ’ਚ ਵੋਟ ਦੇਣ ਲਈ ਮਜਬੂਰ ਕਰ ਰਹੀ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਊਤ ਨੇ ਕਿਹਾ, ‘ਜੇਕਰ ਈਡੀ ਦਾ ਕੰਟਰੋਲ ਦੋ ਦਿਨ ਲਈ ਸਾਨੂੰ ਦੇ ਦਿੱਤਾ ਜਾਵੇ ਤਾਂ ਦੇਵੇਂਦਰ ਫੜਨਵੀਸ ਵੀ ਸਾਨੂੰ ਵੋਟ ਪਾਉਣਗੇ।’ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਬੀਤੇ ਦਿਨ ਮਹਾਰਾਸ਼ਟਰ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਹੋਈ ਭਾਜਪਾ ਦੀ ਜਿੱਤ ਨੂੰ ਖਰੀਦੋ-ਫਰੋਖਤ ਦਾ ਨਤੀਜਾ ਦੱਸਿਆ। ਉਨ੍ਹਾਂ ਚੋਣ ਕਮਿਸ਼ਨ ’ਤੇ ਵੀ ਪੱਖਪਾਤ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘ਕੁਝ ਵਿਅਕਤੀ ਉੱਚੀ ਕੀਮਤ ’ਤੇ ਵਿਕਣ ਲਈ ਤਿਆਰ ਸਨ ਅਤੇ ਉਨ੍ਹਾਂ ਸਾਡੇ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਵਾਅਦਾ ਕਰਨ ਦੇ ਬਾਵਜੂਦ ਆਪਣਾ ਪਾਲਾ ਬਦਲ ਲਿਆ।’ ਇਸ ਟਿੱਪਣੀ ਬਾਰੇ ਜਦੋਂ ਸ੍ਰੀ ਰਾਊਤ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਸਿਰਫ਼ ਆਪਣੀ ਭਾਵਨਾ ਜ਼ਾਹਿਰ ਕਰ ਰਹੇ ਹਾਂ। ਉਹ (ਜਿਨ੍ਹਾਂ ਸ਼ਿਵ ਸੈਨਾ ਨੂੰ ਵੋਟ ਨਹੀਂ ਪਾਈ) ਅਤੇ ਭਾਜਪਾ ਜਾਣਦੇ ਹਨ ਕਿ ਅਸੀਂ ਕੀ ਕਹਿ ਰਹੇ ਹਾਂ।’ -ਪੀਟੀਆਈ
ਵੋਟ ਸ਼ਿਵ ਸੈਨਾ ਨੂੰ ਹੀ ਪਾਈ: ਭੁਯਾਰ
ਨਾਗਪੁਰ: ਸਵੈਭਿਮਾਨੀ ਪਕਸ਼ ਪਾਰਟੀ ਦੇ ਵਿਧਾਇਕ ਦੇਵੇਂਦਰ ਭੁਯਾਰ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਮਹਾਰਾਸ਼ਟਰ ਦੀਆਂ ਰਾਜ ਸਭਾ ਸੀਟਾਂ ਦੀਆਂ ਚੋਣਾਂ ਦੌਰਾਨ ਵੋਟ ਸ਼ਿਵ ਸੈਨਾ ਨੂੰ ਹੀ ਪਾਈ ਹੈ। ਅੱਜ ਇੱਥੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਮੀਡੀਆ ’ਚ ਇਹ ਖੁੱਲ੍ਹੇ ਤੌਰ ’ਤੇ ਕਿਹਾ ਹੈ ਕਿ ਮੈਂ ਵੋਟ ਸੰਜੈ ਪਵਾਰ ਤੇ ਸੰਜੈ ਰਾਊਤ ਨੂੰ ਪਾਈ ਹੈ।’ ਉਨ੍ਹਾਂ ਕਿਹਾ, ‘ਮੈਂ ਸ਼ੁਰੂ ਤੋਂ ਹੀ ਐੱਮਵੀਏ ਨਾਲ ਹਾਂ। ਸੰਜੈ ਰਾਊਤ ਜੀ ਵੱਡੇ ਆਗੂ ਹਨ ਪਰ ਕੋਈ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਵਾਰ ਇਸ ਬਾਰੇ ਗੱਲ ਕਰ ਲੈਣੀ ਚਾਹੀਦੀ ਸੀ।’ -ਪੀਟੀਆਈ