ਨਵੀਂ ਦਿੱਲੀ/ਗੁਹਾਟੀ, 26 ਮਾਰਚ
ਅਸਾਮ ਵਿੱਚ ਭਲਕੇ ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਮਾਜ ਵਿੱਚ ਕਥਿਤ ਧਰਮ, ਸੱਭਿਆਚਾਰ ਤੇ ਭਾਸ਼ਾ ਦੇ ਅਧਾਰ ’ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੀ ਸਰਕਾਰ ਦੀ ਚੋਣ ਕਰਨ, ਜੋ ਸੰਵਿਧਾਨ ਦੀ ਮਾਣ ਮਰਿਆਦਾ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖੇ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਨਾਗਰਿਕਤਾ ਸੋਧ ਐਕਟ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਚੇਤੇ ਰਹੇ ਕਿ ਅਸਾਮ ਵਿੱਚ ਤਿੰਨ ਪੜਾਵਾਂ ’ਚ ਵੋਟਾਂ ਪੈਣੀਆਂ ਹਨ ਤੇ ਭਲਕੇ ਵੋਟਿੰਗ ਦਾ ਪਹਿਲਾ ਗੇੜ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਇਕ ਵੀਡੀਓ ਸੁਨੇਹੇ ਵਿੱਚ ਅਸਾਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਲਈ ਵੋਟਾਂ ਪਾਉਣ। ਉਨ੍ਹਾਂ ਕਿਹਾ, ‘ਅੱਜ, ਮੈਂ ਤੁਹਾਡੇ ’ਚੋਂ ਹੀ ਇਕ ਵਜੋਂ ਬੋਲ ਰਿਹਾ ਹਾਂ। ਇਕ ਵਾਰ ਫਿਰ ਸਮਾਂ ਆ ਗਿਆ ਹੈ ਜਦੋਂ ਤੁਸੀਂ ਵਿਧਾਨ ਸਭਾ ਚੋਣਾਂ ਲਈ ਵੋਟ ਪਾਉਣੀ ਹੈ। ਤੁਸੀਂ ਪੂਰੀ ਸਮਝਦਾਰੀ ਨਾਲ ਵੋਟ ਪਾਇਓ। ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਕਾਂਗਰਸ ਪਾਰਟੀ ਤੇ ਮਹਾਜੋਤ (ਗੱਠਜੋੜ) ਨੂੰ ਵੋਟਾਂ ਪਾਓ।’ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਖੌ਼ਫ਼ ਤੇ ਤਲਖੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਸਾਮ ਨੂੰ ਲੰਮਾ ਸਮਾਂ ਵਿਦਰੋਹ ਤੇ ਅਸ਼ਾਂਤੀ ਨਾਲ ਸੰਤਾਪ ਝੱਲਣਾ ਪਿਆ ਹੈ ਤੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ 2001 ਤੋਂ 2016 ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਅਮਨ ਤੇ ਵਿਕਾਸ ਦੀ ਨਵੀਂ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ, ‘ਅਸਾਮ ਨੂੰ ਮੌਜੂਦਾ ਸਮੇਂ ਕਈ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਸਮਾਜ ਨੂੰ ਧਰਮ, ਸਭਿਆਚਾਰ ਤੇ ਭਾਸ਼ਾ ਦੇ ਆਧਾਰ ’ਤੇ ਵੰਡਿਆ ਜਾ ਰਿਹੈ। -ਪੀਟੀਆਈ