ਨਵੀਂ ਦਿੱਲੀ, 19 ਅਪਰੈਲ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜੇਕਰ ਉਹ ਨਾਮਜ਼ਦਗੀਆਂ ਰੱਦ ਕਰਨ ਖਿਲਾਫ਼ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰਨ ਲੱਗਾ ਤਾਂ ‘ਅਫ਼ਰਾ ਤਫ਼ਰੀ’ ਦਾ ਮਾਹੌਲ ਬਣ ਸਕਦਾ ਹੈ। ਸਰਬਉੱਚ ਕੋਰਟ ਨੇ ਬਿਹਾਰ ਨਾਲ ਸਬੰਧਤ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਰੱਦ ਕਰ ਦਿੱਤੀ, ਜੋ ਲੋਕ ਸਭਾ ਚੋਣ ਲੜਨ ਦਾ ਇੱਛੁਕ ਸੀ ਪਰ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਬੈਂਚ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸੁਪਰੀਮ ਕੋਰਟ ਕੋਲ ਸ਼ਿਕਾਇਤ ਦਰਜ ਕਰਨ ਵਿਚ ਨਹੀਂ ਬਲਕਿ ਨਾਮਜ਼ਦਗੀਆਂ ਰੱਦ ਕਰਨ ਖਿਲਾਫ਼ ਦਾਇਰ ਚੋਣ ਪਟੀਸ਼ਨਾਂ ਵਿਚ ਹੀ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਨਾਮਜ਼ਦਗੀਆਂ ਰੱਦ ਕੀਤੇ ਜਾਣ ਖਿਲਾਫ਼ ਜੇਕਰ ਅਸੀਂ ਸੰਵਿਧਾਨ ਦੀ ਧਾਰਾ 32 ਤਹਿਤ ਅਜਿਹੀਆਂ ਪਟੀਸ਼ਨਾਂ ’ਤੇ ਸੁਣਾਈ ਸ਼ੁਰੂ ਕਰ ਦਿੱਤੀ ਤਾਂ ਘੜਮੱਸ ਪੈ ਜਾਵੇਗਾ।’’ ਬੈਂਚ ਨੇ ਹਾਲਾਂਕਿ ਪਟੀਸ਼ਨਰ ਜਵਾਹਰ ਕੁਮਾਰ ਝਾਅ ਨੂੰ ਢੁੱਕਵੀਂ ਕਾਨੂੰਨੀ ਚਾਰਾਜੋਈ ਦੀ ਖੁੱਲ੍ਹ ਦੇ ਦਿੱਤੀ। -ਪੀਟੀਆਈ