ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਸਰਹੱਦ ’ਤੇ ਬਣੇ ਤਣਾਅ ਦੌਰਾਨ ਚੀਨ ਨੂੰ ਅਸਿੱਧਾ ਸੁਨੇਹਾ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇਕਰ ਦੁਸ਼ਮਣ ਮੁਲਕ ਹਮਲਾ ਕਰਦਾ ਹੈ ਤਾਂ ਭਾਰਤ ਵਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਆਜ਼ਾਦੀ ਦਿਵਸ ਮੌਕੇ ਹਥਿਆਰਬੰਦ ਬਲਾਂ ਨੂੰ ਦਿੱਤੇ ਸੰਦੇਸ਼ ਵਿੱਚ ਊਨ੍ਹਾਂ ਕਿਹਾ ਕਿ ਭਾਰਤ ਜ਼ਮੀਨ ਦੇ ਟੁਕੜੇ ਜਿੱਤਣ ਵਿੱਚ ਨਹੀਂ ਬਲਕਿ ਦਿਲ ਜਿੱਤਣ ਵਿੱਚ ਵਿਸ਼ਵਾਸ ਰੱਖਦਾ ਹੈ, ‘ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਸਵੈਮਾਣ ਨੂੰ ਠੇਸ ਪੁੱਜਣ ਦੇਵਾਂਗੇੇ।’ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਕੌਮੀ ਸੁਰੱਖਿਆ ਦੇ ਦਾਇਰੇ ਵਿੱਚ ਜੋ ਵੀ ਕਾਰਵਾਈ ਕਰਦਾ ਹੈ, ਊਹ ਹਮੇਸ਼ਾ ਸਵੈ-ਰੱਖਿਆ ਲਈ ਹੁੰਦੀ ਹੈ ਅਤੇ ਹੋਰ ਮੁਲਕਾਂ ’ਤੇ ਹਮਲੇ ਕਰਨ ਲਈ ਨਹੀਂ ਹੁੰਦੀ। ਊਨ੍ਹਾਂ ਕਿਹਾ, ‘‘ਜੇਕਰ ਦੁਸ਼ਮਣ ਸਾਡੇ ’ਤੇ ਹਮਲਾ ਕਰਦਾ ਹੈ, ਤਾਂ ਹਰ ਵਾਰ ਦੀ ਤਰ੍ਹਾਂ ਅਸੀਂ ਕਰਾਰਾ ਜਵਾਬ ਦੇਵਾਂਗੇ।’’ ਊਨ੍ਹਾਂ ਕਿਹਾ, ‘‘ਇਸ ਤੱਥ ਦਾ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਕਦੇ ਵੀ ਕਿਸੇ ’ਤੇ ਹਮਲਾ ਨਹੀਂ ਕੀਤਾ ਜਾਂ ਕਿਸੇ ਹੋਰ ਮੁਲਕ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।’’ -ਪੀਟੀਆਈ