ਕੋਲਕਾਤਾ, 25 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਜੇਕਰ ਕੋਈ ਵੀ ਗਲਤ ਕੰਮ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਘੁਟਾਲੇ ’ਚ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਪਾਰਥ ਚੈਟਰਜੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਹ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਇੱਥੇ ਸੂਬਾ ਸਰਕਾਰ ਦੇ ਇੱਕ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖ਼ਿਲਾਫ਼ ਮੰਦੀ ਭਾਵਨਾ ਤਹਿਤ ਚਲਾਈ ਗਈ ਮੁਹਿੰਮ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੀ। ਉਨ੍ਹਾਂ ਕਿਹਾ, ‘ਸਾਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ ਹੈ। ਇੱਕ ਸਮਾਂ-ਸੀਮਾ ਹੋਣੀ ਚਾਹੀਦੀ ਹੈ ਜਿਸ ਅੰਦਰ ਸੱਚ ਤੇ ਅਦਾਲਤ ਦਾ ਫ਼ੈਸਲਾ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਾਰਟੀ ਵੀ ਕਾਰਵਾਈ ਕਰੇਗੀ।’ ਮਮਤਾ ਬੈਨਰਜੀ ਦੀ ਅਰਪਿਤਾ ਮੁਖਰਜੀ ਨਾਲ ਗੱਲਬਾਤ ਕਰਦਿਆਂ ਦੀ ਭਾਜਪਾ ਵੱਲੋਂ ਨਸ਼ਰ ਕੀਤੀ ਗਈ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਟੀਐੱਮਸੀ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘ਪਾਰਟੀ ਦਾ ਉਸ ਮਹਿਲਾ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਅਤੇ ਨਾ ਹੀ ਮੈਂ ਉਸ ਨੂੰ ਜਾਣਦੀ ਹਾਂ। ਮੈਂ ਕਈ ਸਮਾਗਮਾਂ ’ਚ ਜਾਂਦੀ ਹਾਂ ਜੇਕਰ ਕੋਈ ਮੇਰੇ ਨਾਲ ਤਸਵੀਰ ਖਿਚਵਾਉਂਦਾ ਹੈ ਤਾਂ ਕੀ ਇਹ ਮੇਰੀ ਗਲਤੀ ਹੈ?’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਇਹ ਲੱਗਦਾ ਹੈ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਟੀਐੱਮਸੀ ਨੂੰ ਤੋੜ ਸਕਦੀ ਹੈ ਤਾਂ ਉਹ ਗਲਤ ਹੈ। -ਪੀਟੀਆਈ
ਪਾਰਥ ਚੈਟਰਜੀ ਨੂੰ 10 ਿਦਨਾਂ ਲਈ ਈਡੀ ਦੀ ਹਿਰਾਸਤ ’ਚ ਭੇਜਿਆ
ਭੁਬਨੇਸ਼ਨਵਰ/ਕੋਲਕਾਤਾ: ਕੋਲਕਾਤਾ ਹਾਈ ਕੋਰਟ ਨੇ ਸਕੂਲ ਭਰਤੀ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਅੱਜ 10 ਦਿਨਾਂ ਲਈ ਈਡੀ ਦੀ ਹਿਰਾਸਤ ’ਚ ਭੇਜ ਿਦੱਤਾ ਹੈ। ਪਾਰਥ ਨੂੰ ਭੁਬਨੇਸ਼ਵਰ ਦੇ ਏਮਸ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਪਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ। ਉਪਰੋਕਤ ਹੁਕਮ ਈਡੀ ਵੱਲੋਂ ਟੀਐੱਮਸੀ ਆਗੂ ਦੀ ਮੈਡੀਕਲ ਰਿਪੋਰਟ ਅਦਾਲਤ ’ਚ ਪੇਸ਼ ਕਰਨ ਬਾਅਦ ਆਇਆ ਹੈ। ਕਲਕੱਤਾ ਹਾਈ ਕੋਰਟ ਨੇ ਬੀਤੇ ਦਿਨ ਈਡੀ ਨੂੰ ਨਿਰਦੇਸ਼ ਦਿੱਤੇ ਸਨ ਕਿ ਚੈਟਰਜੀ ਨੂੰ ਏਅਰ ਐਂਬੂਲੈਂਸ ਰਾਹੀਂ ਉੜੀਸਾ ਦੇ ਹਸਪਤਾਲ ਲਿਜਾਇਆ ਜਾਵੇ। ਏਮਸ ਦੇ ਕਾਰਜਕਾਰੀ ਡਾਇਰੈਕਟਰ ਆਸ਼ੂਤੋਸ਼ ਵਿਸ਼ਵਾਸ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਚੈਟਰਜੀ ਦੀ ਜਾਂਚ ਕੀਤੀ ਹੈ। ਉਨ੍ਹਾਂ ਨੂੰ ਕੁਝ ਗੰਭੀਰ ਬਿਮਾਰੀਆਂ ਹਨ ਪਰ ਤੁਰੰਤ ਹਸਪਤਾਲ ’ਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅਦਾਲਤ ਨੂੰ ਚੈਟਰਜੀ ਦੀ ਸਿਹਤ ਸਬੰਧੀ ਹਾਲਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਦਾਲਤ ਦੇ ਨਿਰਦੇਸ਼ ਅਨੁਸਾਰ ਹੀ ਅਗਲਾ ਕਦਮ ਚੁੱਕਿਆ ਜਾਵੇਗਾ।ਈਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਚੈਟਰਜੀ ਦੀ ਨੁਮਾਇੰਦਗੀ ਕਰਨ ਵਾਲੇ ਦੋ ਵਕੀਲ ਵੀ ਉਨ੍ਹਾਂ ਨਾਲ ਭੁਬਨੇਸ਼ਵਰ ਗਏ ਸਨ। ਇਸ ਤੋਂ ਪਹਿਲਾਂ ਦਿਨੇ ਉਨ੍ਹਾਂ ਨੂੰ ਐੱਸਐੱਸਕੇਐੱਮ ਹਸਪਤਾਲ ਤੋਂ ਕੋਲਕਾਤਾ ਹਵਾਈ ਅੱਡੇ ਲਿਜਾਇਆ ਗਿਆ। -ਪੀਟੀਆਈ
ਅਰਪਿਤਾ ਮੁਖਰਜੀ 12 ਫਰਜ਼ੀ ਕੰਪਨੀਆਂ ਚਲਾ ਰਹੀ ਸੀ: ਈਡੀ
ਕੋਲਕਾਤਾ: ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਰਥ ਚੈਟਰਜੀ ਦੀ ਕਰੀਬੀ ਸਹਿਯੋਗੀ ਦੱਸੀ ਜਾ ਰਹੀ ਅਰਪਿਤਾ ਮੁਖਰਜੀ 12 ਫਰਜ਼ੀ ਕੰਪਨੀਆਂ ਚਲਾ ਰਹੀ ਸੀ ਅਤੇ ਉਹ ਅਜਿਹਾ ਮੁੱਖ ਤੌਰ ’ਤੇ ਵਿੱਤੀ ਹੇਰਾਫੇਰੀ ਲਈ ਕਰ ਰਹੀ ਸੀ। ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਮੁਖਰਜੀ ਦੇ ਜੋਕਾ ਸਥਿਤ ਫਲੈਟ ਦੀ ਤਲਾਸ਼ੀ ਦੌਰਾਨ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਜੋ ਅਜਿਹੀਆਂ ਕੰਪਨੀਆਂ ਹੋਣ ਦੀ ਪੁਸ਼ਟੀ ਕਰਦੇ ਹਨ।
ਈਡੀ ਦੀ ਅਪੀਲ ’ਤੇ ਫ਼ੈਸਲਾ ਰਾਖਵਾਂ
ਏਮਸ, ਭੁਬਨੇਸ਼ਵਰ ਵੱਲੋਂ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਹਸਪਤਾਲ ਦਾਖਲ ਨਾ ਕੀਤੇ ਜਾਣ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਸ਼ੇਸ਼ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਪਾਰਥਾ ਚੈਟਰਜੀ ਨੂੰ 14 ਦਿਨ ਦੇ ਹਿਰਾਸਤੀ ਰਿਮਾਂਡ ’ਚ ਭੇਜਣ ਦੀ ਮੰਗ ਕੀਤੀ। ਸਕੂਲ ਭਰਤੀ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਨੇ ਨਾਲ ਹੀ ਚੈਟਰਜੀ ਦੀ ‘ਨੇੜਲੀ ਸਹਿਯੋਗੀ’ ਅਰਪਿਤਾ ਮੁਖਰਜੀ ਨੂੰ ਵੀ 13 ਦਿਨ ਦੀ ਹਿਰਾਸਤ ’ਚ ਭੇਜੇ ਜਾਣ ਦੀ ਅਪੀਲ ਕੀਤੀ। ਵਿਸ਼ੇਸ਼ ਅਦਾਲਤ ਦੇ ਜੱਜ ਜਬਿੋਨ ਕੁਮਾਰ ਸਾਧੂ ਨੇ ਈਡੀ ਦੀਆਂ ਪਟੀਸ਼ਨਾਂ ’ਤੇ ਹੁਕਮ ਰਾਖਵਾਂ ਰੱਖ ਲਿਆ ਹੈ।