ਚੇਨੱਈ, 28 ਮਈ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਮੁਖੀ ਡਾਕਟਰ ਜੇ.ਏ. ਜਯਾਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਬਾਬਾ ਰਾਮਦੇਵ ਕੋਵਿਡ-19 ਟੀਕਿਆਂ ਅਤੇ ਕਰੋਨਾ ਦੇ ਆਧੁਨਿਕ ਇਲਾਜ ਖ਼ਿਲਾਫ਼ ਕੀਤੀ ਟਿੱਪਣੀ ਵਾਪਸ ਲੈ ਲੈਣ ਤਾਂ ਆਈਐੱਮਏ ਉਨ੍ਹਾਂ ਖ਼ਿਲਾਫ਼ ਪੁਲੀਸ ਸ਼ਿਕਾਇਤਾਂ ਤੇ ਉਨ੍ਹਾਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ ਵੀ ਵਾਪਸ ਲੈਣ ’ਤੇ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਰਾਮਦੇਵ ਨੇ ਮਹਾਮਾਰੀ ਅਤੇ ਇਸ ਸਬੰਧੀ ਆਧੁਨਿਕ ਇਲਾਜ ਪ੍ਰਣਾਲੀ ਉੱਤੇ ਨਿਸ਼ਾਨ ਸੇਧ ਕੇ ਸਰਕਾਰ ’ਤੇ ਸਵਾਲ ਉਠਾਏ ਹਨ। ਡਾਕਟਰ ਜਯਾਲਾਲ ਨੇ ਕਿਹਾ, ‘ਸਾਡੇ ਮਨ ’ਚ ਬਾਬਾ ਰਾਮਦੇਵ ਖ਼ਿਲਾਫ਼ ਕੁਝ ਨਹੀਂ ਹੈ। ਉਨ੍ਹਾਂ ਦਾ ਬਿਆਨ ਕੋਵਿਡ-19 ਸਬੰਧੀ ਵੈਕਸੀਨੇਸ਼ਨ ਦੇ ਖ਼ਿਲਾਫ਼ ਹੈ। ਸਾਡਾ ਮੰਨਣਾ ਹੈ ਕਿ ਉਨ੍ਹਾਂ ਦਾ ਬਿਆਨ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ, ਭਟਕਾ ਸਕਦਾ ਹੈ। ਇਹ ਸਾਡੇ ਲਈ ਵੱਡੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਉਨ੍ਹਾਂ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਹਨ।’ ਰਾਮਦੇਵ ਨੂੰ ਵੱਲੋਂ ਬਿਆਨ ਵਾਪਸ ਲੈਣ ਦੇ ਸਬੰਧ ’ਚ ਉਨ੍ਹਾਂ ਕਿਹਾ, ‘ਇਸ ਨੂੰ ਪੂਰੀ ਤਰ੍ਹਾਂ ਵਾਪਸ ਲੈਣਾ ਹੋਵੇਗਾ।’ -ਪੀਟੀਆਈ