ਚੇਨੱਈ: ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਜੇ.ਏ.ਜਯਾਲਾਲ ਨੇ ਅੱਜ ਕਿਹਾ ਕਿ ਯੋਗ ਗੁਰੂ ਰਾਮਦੇਵ ਜੇਕਰ ਕੋਵਿਡ-19 ਵੈਕਸੀਨਾਂ ਤੇ ਆਧੁਨਿਕ ਵੈਕਸੀਨ (ਐਲੋਪੈਥੀ) ਬਾਰੇ ਕੀਤੀਆਂ ਆਪਣੀ ਵਿਵਾਦਿਤ ਟਿੱਪਣੀਆਂ ਵਾਪਸ ਲੈਂਦੇ ਹਨ ਤਾਂ ਡਾਕਟਰਾਂ ਦੀ ਸਿਖਰਲੀ ਜਥੇਬੰਦੀ ਉਨ੍ਹਾਂ ਖ਼ਿਲਾਫ਼ ਦਾਇਰ ਪੁਲੀਸ ਸ਼ਿਕਾਇਤਾਂ ਤੇ ਮਾਣਹਾਨੀ ਨੋਟਿਸ ਵਾਪਸ ਲੈਣ ’ਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੇ ਮੈਡੀਸਨ ਦੀ ਆਧੁਨਿਕ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਕੇ ਅਸਲ ਵਿੱਚ ਸਰਕਾਰ ਨੂੰ ਹੀ ਸਵਾਲ ਕੀਤਾ ਸੀ। ਡਾ. ਜਯਾਲਾਲ ਨੇ ਕਿਹਾ, ‘ਸਾਡੇ ਮਨ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਕੁਝ ਵੀ ਨਹੀਂ ਹੈ। ਉਨ੍ਹਾਂ ਦੇ ਬਿਆਨ ਕੋਵਿਡ-19 ਟੀਕਾਕਰਨ ਖ਼ਿਲਾਫ਼ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਲੋਕਾਂ ਵਿੱਚ ਉਲਝਣ ਵੱਧ ਸਕਦੀ ਹੈ ਤੇ ਉਨ੍ਹਾਂ ਦਾ ਧਿਆਨ ਵੀ ਭਟਕ ਸਕਦਾ ਹੈ। ਸਾਡੇ ਲਈ ਇਹ ਵੱਡੀ ਫ਼ਿਕਰਮੰਦੀ ਹੈ ਕਿਉਂਕਿ ਯੋਗ ਗੁਰੂ ਦੇ ਕਈ ਸ਼ਰਧਾਲੂ ਹਨ।’ ਚੇਤੇ ਰਹੇ ਕਿ ਆਈਐੱਮਏ ਨੇ ਯੋਗ ਗੁਰੂ ਨੂੰ ਆਧੁਨਿਕ ਮੈਡੀਸਨ ਤੇ ਇਸ ਦੇ ਡਾਕਟਰਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਮਾਣਹਾਨੀ ਨੋਟਿਸ ਭੇਜਦਿਆਂ 1000 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਸੀ। -ਪੀਟੀਆਈ