ਮੁੰਬਈ, 10 ਨਵੰਬਰ
ਸ਼ਿਵ ਸੈਨਾ ਨੇ ਕਿਹਾ ਕਿ ਬਿਹਾਰ ਚੋਣਾਂ ਵਿੱਚ ਆਪਣੇ ਗੱਠਜੋੜ ਭਾਈਵਾਲ ਭਾਜਪਾ ਨਾਲੋਂ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਜੇਕਰ ਨਿਤੀਸ਼ ਕੁਮਾਰ ਮੁੜ ਸੂਬੇ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਜੇਡੀਯੂ ਆਗੂ ਨੂੰ ਇਸ ਲਈ ਸ਼ਿਵ ਸੈਨਾ ਦਾ ਧੰਨਵਾਦ ਕਰਨਾ ਬਣਦਾ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪਿਛਲੇ ਸਾਲ ਮਹਾਰਾਸ਼ਟਰ ਦੇ ਨਾਟਕੀ ਕ੍ਰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਦੀ ਪਾਰਟੀ ਨੂੰ ਭਾਜਪਾ ਵੱਲੋਂ ਆਪਣੇ ਬੋਲਾਂ ਤੋਂ ਮੁੱਕਰਨ ਕਰਕੇ ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਐੱਨਸੀਪੀ ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣੀ ਪਈ ਸੀ। ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਮੌਕੇ ਵਿਖਾ ਦਿੱਤਾ ਸੀ ਕਿ ‘ਜਦੋਂ ਕਹੇ ਬੋਲ ਨਹੀਂ ਪੁਗਾਏ ਜਾਂਦੇ’ ਤਾਂ ਕੀ ਹੁੰਦਾ ਹੈ। ਰਾਊਤ ਨੇ ਕਿਹਾ, ‘ਮੈਂ ਭਾਜਪਾ ਆਗੂਆਂ ਨੂੰ ਟੀਵੀ ’ਤੇ ਕਹਿੰਦਿਆਂ ਸੁਣਿਆ ਹੈ ਕਿ ਸਿਰਫ਼ ਨਿਤੀਸ਼ ਬਾਬੂ ਹੀ ਮੁੱਖ ਮੰਤਰੀ ਹੋਣਗੇ। ਨਿਤੀਸ਼ ਬਾਬੂ ਨੂੰ ਇਸ ਲਈ ਸ਼ਿਵ ਸੈਨਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਵਾਅਦੇ ਨਾ ਪੁਗਾਉਣਾ ਬਿਹਾਰ ਵਿੱਚ ਨਹੀਂ ਚੱਲੇਗਾ ਕਿਉਂਕਿ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿੱਚ ਵਿਖਾ ਦਿੱਤਾ ਹੈ ਕਿ ਬੋਲ ਨਾ ਪੁਗਾਉਣ ਦਾ ਅੰਜਾਮ ਕੀ ਹੁੰਦਾ ਹੈ।’ -ਪੀਟੀਆਈ